ਫ਼ਰੀਦਕੋਟ 'ਚ ਤੇਜਧਾਰ ਹਥਿਆਰਾਂ ਨਾਲ ਕਰੀਬ 55 ਸਾਲਾ ਵਿਅਕਤੀ ਦਾ ਬੇਰਹਿਮੀ ਨਾਲ ਕਤਲ
ਫਰੀਦਕੋਟ: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆ ਵਾਲਾ ਕਲਾਂ ਵਿਚ 55 ਸਾਲ ਦੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਪੀੜਤ ਆਪਣੇ ਘਰੋਂ ਪੰਚਾਇਤ ਮੈਂਬਰ ਨੂੰ ਮਿਲਣ ਲਈ ਜਾ ਰਿਹਾ ਸੀ ਜਿਸ ਨੂੰ ਰਸਤੇ 'ਚ ਘਾਤ ਲਗਾਈ ਬੈਠੇ ਕਾਤਲਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪਰਿਵਾਰ ਵਾਲਿਆਂ ਨੇ ਜ਼ਖ਼ਮੀ ਹਾਲਤ ਵਿਚ ਸਖ਼ਸ਼ ਨੂੰ ਹਸਪਤਾਲ ਦਾਖਲ ਕਰਵਾਇਆ ਉੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਵੱਲੋਂ ਜਿਥੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਪੂਰੇ ਘਟਨਾਂਕ੍ਰਮ ਦਾ ਜ਼ਿੰਮੇਵਾਰ ਪਿੰਡ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਨੂੰ ਮੰਨਿਆ ਜਾ ਰਿਹਾ। ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਇਥੇ ਜਦੋਂ ਤੋਂ ਸ਼ਰਾਬ ਦਾ ਠੇਕਾ ਖੁੱਲ੍ਹਿਆ ਉਦੋਂ ਤੋਂ ਆਏ ਦਿਨ ਇਥੇ ਲੜਾਈ ਝਗੜੇ ਹੁੰਦੇ ਹਨ ਅਤੇ ਔਰਤਾਂ ਅਤੇ ਬੱਚਿਆਂ ਦਾ ਆਉਣ ਜਾਣਾ ਮੁਸ਼ਕਿਲ ਹੋਇਆ ਪਿਆ ਹੈ। ਪਿੰਡ ਵਾਸੀਆਂ ਨੇ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕੱਢੇ ਜਾਣ ਦੀ ਮੰਗ ਵੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਲੜਕੇ ਨੇ ਦੱਸਿਆ ਕਿ ਦੇਰ ਰਾਤ ਵਿਅਕਤੀ ਦੁੱਧ ਲੈਣ ਗਿਆ ਸੀ ਜਿਸ ਨਾਲ ਕੁਝ ਲੋਕਾਂ ਨੇ ਕੁੱਟਮਾਰ ਕਰ ਕੇ ਉਸ ਨੂੰ ਜਖਮੀਂ ਕਰ ਦਿੱਤਾ ਸੀ ਜਦ ਘਰ ਆਇਆ ਤਾਂ ਉਸ ਦਾ ਛੋਟਾ ਭਰਾ ਸੋਹਣ ਸਿੰਘ ਪਿੰਡ ਦੇ ਪੰਚਾਇਤ ਮੈਂਬਰ ਨੂੰ ਇਤਲਾਹ ਦੇਣ ਲਈ ਜਾ ਰਿਹਾ ਸੀ ਜਿਸ ਨੂੰ ਰਾਹ ਵਿਚ ਘਾਤ ਲਗਾਈ ਬੈਠੇ ਹਮਲਾਵਰਾਂ ਨੇ ਘੇਰ ਲਿਆ ਅਤੇ ਤੇਜਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰਾਂ ਜਖਮੀਂ ਕਰ ਦਿੱਤਾ। ਰੌਲਾ ਪੈਣ 'ਤੇ ਹਮਲਾਵਰ ਭੱਜ ਗਏ ਤਾਂ ਪਿੰਡ ਵਾਸੀਆ ਦੀ ਮਦਦ ਨਾਲ ਉਹਨਾਂ ਵੱਲੋਂ ਸੋਹਣ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਿੰਨਾਂ ਲੋਕਾਂ ਨੇ ਸੋਹਣ ਸਿੰਘ ਦਾ ਕਤਲ ਕੀਤਾ ਉਹਨਾਂ ਨਾਲ ਕਈ ਸਾਲ ਪਹਿਲਾਂ ਉਹਨਾਂ ਦਾ ਝਗੜਾ ਹੋਇਆ ਸੀ ਜਿਸ ਦਾ ਰਾਜੀਨਾਮਾਂ ਹੋ ਗਿਆ ਸੀ ਪਰ ਹੁਣ ਪਤਾ ਨਹੀਂ ਕਿਉ ਉਹਨਾਂ ਇਹ ਕਾਰਾ ਕਰ ਦਿੱਤਾ। ਉਹਨਾਂ ਮੰਗ ਕੀਤੀ ਕਿ ਦੋਸ਼ੀਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦਿਆ ਪਿੰਡ ਵਾਸੀਆਂ ਅਤੇ ਸਮਾਜ ਸੇਵੀਆ ਨੇ ਦੱਸਿਆ ਕਿ ਜੋ ਦੇਰ ਰਾਤ ਵਾਰਦਾਤ ਹੋਈ ਹੈ ਇਹ ਸਭ ਪਿੰਡ ਵਿਚ ਖੁੱਲ੍ਹੇ ਸ਼ਰਾਬ ਦੇ ਠੇਕੇ ਕਾਰਨ ਹੋਇਆ। ਉਹਨਾਂ ਕਿਹਾ ਕਿ ਸ਼ਰਾਬ ਦਾ ਠੇਕਾ ਮੇਨ ਰੋਡ ਦੇ ਉਪਰ ਬਣਿਆ ਹੋਇਆ ਜਿੱਥੇ ਅਕਸਰ ਸ਼ਾਮ ਵੇਲੇ ਇਕੱਠ ਹੋਇਆ ਰਹਿੰਦਾ ਅਤੇ ਆਏ ਦਿਨ ਸ਼ਰਾਬ ਪੀ ਕੇ ਲੋਕ ਇਥੇ ਲੜਦੇ ਝਗੜਦੇ ਹਨ ਅਤੇ ਇਥੋਂ ਬੱਚਿਆ ਅਤੇ ਔਰਤਾਂ ਦਾ ਲੰਘਣਾਂ ਮੁਸ਼ਕਿਲ ਹੁੰਦਾ ਹੈ। ਉਹਨਾਂ ਦੱਸਿਆ ਕਿ ਦੇਰ ਰਾਤ ਵੀ ਹਮਲਾਵਰਾਂ ਨੇ ਨਸ਼ੇ ਵਿਚ ਟੁੱਲ ਹੋ ਕੇ ਸੋਹਣ ਸਿੰਘ ਤੇ ਹਲਕਾ ਕੀਤਾ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਸੋਹਣ ਸਿੰਗ ਕੋਈ ਵੀ ਨਸ਼ਾ ਨਹੀਂ ਸੀ ਕਰਦਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸੋਹਣ ਸਿੰਘ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕੱਢਣ ਚਾਹੀਦਾ ਨਹੀਂ ਤਾਂ ਪਿੰਡ ਵਾਸੀਆ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸ਼ਰਾਬ ਦਾ ਠੇਕਾ ਪਿੰਡ ਵਿਚ ਨਾਂ ਹੁੰਦਾ ਤਾਂ ਸ਼ਾਇਦ ਸੋਹਣ ਸਿੰਘ ਅੱਜ ਜਿੰਦਾ ਹੁੰਦਾ। ਇਹ ਵੀ ਪੜ੍ਹੋ : ਪੁਲਿਸ ਨਾਲ ਮੁਕਾਬਲੇ ਮਗਰੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗਿਰੋਹ ਦੇ 2 ਗੁਰਗੇ ਦਬੋਚੇ ਇਸ ਮੌਕੇ ਜਾਣਕਾਰੀ ਦਿੰਦਿਆ ਡੀਐਸਪੀ ਫਰੀਦਕੋਟ ਜਸਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਫਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਕਲਾਂ ਵਿਖੇ ਦੋ ਧਿਰਾਂ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਵਿਚ ਸੋਹਣ ਸਿੰਘ ਨਾਮੀਂ ਵਿਅਕਤੀ ਗੰਭੀਰ ਜਖਮੀਂ ਹੋਇਆ ਸੀ ਜਿਸ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਵਿਚ ਦਾਖਲ ਕਰਵਾਇਆ ਗਿਆ ਜਿਸ ਨੂੰ ਬਠਿੰਡਾ ਰੈਫਰ ਕੀਤਾ ਗਿਆ ਸੀ ਅਤੇ ਬਠਿੰਡਾ ਵਿਖੇ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। (ਅਮਨਦੀਪ ਸਿੰਘ ਦੀ ਰਿਪੋਰਟ) -PTC News