ਪੰਚਕੂਲਾ ਹਿੰਸਾ ਨੂੰ 5 ਸਾਲ ਪੂਰੇ, ਕਿਸੀ ਮੁਲਜ਼ਮ ਨੂੰ ਨਹੀਂ ਹੋਈ ਸਜ਼ਾ
ਚੰਡੀਗੜ੍ਹ, 25 ਅਗਸਤ: ਅੱਜ ਤੋਂ ਪੰਜ ਸਾਲ ਪਹਿਲਾਂ ਇਸੀ ਦਿਨ ਪੰਚਕੂਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੀਆਂ ਦੋ ਮਹਿਲਾ ਪੈਰੋਕਾਰਾਂ ਨਾਲ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਪੈਰੋਕਾਰ ਭੜਕ ਗਏ ਸਨ। ਉਸ ਸਮੇਂ ਦਫਤਰਾਂ, ਘਰਾਂ, ਹੋਟਲਾਂ ਅਤੇ ਦੁਕਾਨਾਂ 'ਚ ਭੰਨਤੋੜ ਹੋਈ, ਵਾਹਨਾਂ ਨੂੰ ਅੱਗ ਲਗਾਈ ਗਈ ਅਤੇ ਉਸ ਅਰਾਜਕਤਾ ਦੇ ਕਿੱਸੇ ਤੋਂ ਬਾਅਦ ਅਜੇ ਤੱਕ ਨਾ ਤਾਂ ਕਿਸੇ ਪੀੜਤ ਨੂੰ ਕੋਈ ਮੁਆਵਜ਼ਾ ਮਿਲਿਆ ਨਾ ਹੀ ਕਿਸੀ ਦੋਸ਼ੀ ਨੂੰ ਸਜ਼ਾ ਮਿਲ ਪਾਈ ਹੈ। ਡੇਰਾ ਮੁਖੀ ਦੇ ਪੈਰੋਕਾਰਾਂ ਵੱਲੋਂ ਛਿੜੇ ਉਨ੍ਹਾਂ ਦੰਗਿਆਂ 'ਚ ਮੀਡੀਆ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸੀ। ਪੰਚਕੂਲਾ ਦੰਗਿਆਂ ਦਰਮਿਆਨ ਪੁਲਿਸ ਗੋਲੀਬਾਰੀ ਵਿੱਚ 35 ਤੋਂ ਵੱਧ ਲੋਕ ਮਾਰੇ ਗਏ ਸਨ ਪਰ ਅੱਜ ਤੱਕ ਇੱਕ ਵੀ ਵਿਅਕਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਿਆ। ਇਥੇ ਤੱਕ ਕੇ ਦੰਗਿਆਂ ਦੇ ਸਬੰਧ 'ਚ 100 ਤੋਂ ਉੱਤੇ ਕੇਸ ਦਰਜ ਨੇ, ਜਿਨ੍ਹਾਂ ਵਿੱਚੋਂ 14 ਕੇਸਾਂ ਦੀ ਸੁਣਵਾਈ ਤੋਂ ਬਾਅਦ ਫੈਸਲਾ ਵੀ ਆ ਚੁੱਕਿਆ ਅਤੇ ਸਾਰੇ ਦੇ ਸਾਰੇ ਮੁਲਜ਼ਮ ਬਰੀ ਹਨ। ਦੰਗਿਆਂ ਦੇ ਜਵਾਬ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ 25 ਅਗਸਤ 2017 ਦੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਪ੍ਰਸ਼ਾਸਨ ਤੇ ਪੁਲਿਸ ਤੋਂ ਇਹ ਮੰਗ ਕੀਤੀ ਕਿ ਹੁਕਮਾਂ ਦੇ ਬਾਵਜੂਦ ਵੀ ਇਨ੍ਹਾਂ ਭਾਰੀ ਇਕੱਠ ਕਿਉਂ ਹੋਣ ਦਿੱਤਾ ਗਿਆ ਅਤੇ ਇਸਤੇ ਜਵਾਬ ਵੀ ਤਲਬ ਕੀਤਾ ਗਿਆ। ਹੁਣ ਤੱਕ ਵੀ ਸਪੱਸ਼ਟ ਤੌਰ 'ਤੇ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਇਸ ਸਬੰਧ 'ਚ ਕੋਈ ਜਵਾਬ ਨਹੀਂ ਮਿਲਿਆ। -PTC News