ਬੱਸ ਦੀ ਟੱਕਰ ਕਾਰਨ ਭਾਖੜਾ ਨਹਿਰ 'ਚ ਡਿੱਗੀ ਕਾਰ, 2 ਔਰਤਾਂ ਤੇ ਬੱਚਿਆਂ ਸਮੇਤ 5 ਦੀ ਮੌਤ
ਰੋਪੜ: ਪੰਜਾਬ ਦੇ ਰੂਪਨਗਰ ਵਿੱਚ ਸੋਮਵਾਰ ਨੂੰ ਇੱਕ ਨਿੱਜੀ ਬੱਸ ਨਾਲ ਟਕਰਾ ਕੇ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਹਾਦਸੇ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਘਟਨਾ ਘਨੌਲੀ ਨੇੜੇ ਅਹਿਮਦਪੁਰ ਪੁਲ 'ਤੇ ਵਾਪਰੀ ਹੈ। ਰੂਪਨਗਰ ਨੇੜੇ ਸਥਿਤ ਪੁਲ 'ਤੇ ਪ੍ਰਾਈਵੇਟ ਬੱਸ ਨੇ ਓਵਰਟੇਕ ਕਰਦੇ ਸਮੇਂ ਕ੍ਰੇਟਾ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਕਾਰ ਰੇਲਿੰਗ ਤੋੜਦੀ ਹੋਈ ਭਾਖੜਾ ਨਹਿਰ ਵਿੱਚ ਜਾ ਡਿੱਗੀ। ਰਾਜਸਥਾਨ ਨੰਬਰ ਦੀ ਕ੍ਰੇਟਾ ਕਾਰ ਨੂੰ ਹਾਈਡਰਾ ਮਸ਼ੀਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਕਾਰ ਵਿੱਚੋਂ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਪੰਜ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕਹੀ ਇਹ ਵੱਡੀ ਗੱਲ ਚਸ਼ਮਦੀਦਾਂ ਮੁਤਾਬਕ ਇਕ ਔਰਤ ਵਹਿ ਗਈ। ਕਾਰ ਨਹਿਰ 'ਚ ਡਿੱਗਣ ਤੋਂ ਕੁਝ ਦੇਰ ਬਾਅਦ ਹੀ ਔਰਤ ਦਾ ਪਰਸ ਉੱਪਰ ਆ ਗਿਆ। ਲੋਕਾਂ ਨੇ ਹਿੰਮਤ ਜੁਟਾ ਕੇ ਪਰਸ ਕੱਢ ਲਿਆ। ਪਰਸ ਖੋਲ੍ਹ ਕੇ ਦੇਖਿਆ ਤਾਂ ਅੰਦਰ ਔਰਤ ਦਾ ਪਛਾਣ ਪੱਤਰ ਮਿਲਿਆ। ਇਸ ਦੇ ਮੁਤਾਬਕ ਕਾਰ 'ਚ ਰਾਜਸਥਾਨ ਦੇ ਸੀਕਰ ਜ਼ਿਲੇ ਦੇ ਪਿੰਡ ਬੋਰੀਆ ਦੀ ਸਰੀਤਾ ਪੂਨੀਆ ਪਤਨੀ ਸਤੀਸ਼ ਕੁਮਾਰ ਪੂਨੀਆ ਸਵਾਰ ਸੀ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮੌਕੇ 'ਤੇ ਗੋਤਾਖੋਰਾਂ ਨੂੰ ਬੁਲਾਇਆ ਗਿਆ। ਨਹਿਰ ਵਿੱਚ ਡਿੱਗਣ ਤੋਂ ਬਾਅਦ ਕਾਰ ਸਵਾਰਾਂ ਨੇ ਬਚਾਉਣ ਦੀ ਕੋਸ਼ਿਸ਼ ਕਰਦਿਆਂ ਰੌਲਾ ਪਾਇਆ। ਗੋਤਾਖੋਰਾਂ ਨੇ ਕਾਰ 'ਚੋਂ ਦੋ ਔਰਤਾਂ, ਦੋ ਪੁਰਸ਼ਾਂ ਅਤੇ ਇਕ ਬੱਚੇ ਦੀਆਂ ਲਾਸ਼ਾਂ ਕੱਢੀਆਂ। ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਆਨੰਦਪੁਰ ਸਾਹਿਬ ਤੋਂ ਆ ਰਹੀ ਸੀ। ਕਾਰ ਨੂੰ ਓਵਰਟੇਕ ਕਰਦੇ ਸਮੇਂ ਪਿੱਛੇ ਤੋਂ ਆ ਰਹੀ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ। -PTC News