ਟੈਂਕੀ ਦੀ ਸਫ਼ਾਈ ਨਾ ਹੋਣ ਕਾਰਨ ਜ਼ਹਿਰੀਲਾ ਪਾਣੀ ਪੀਣ ਨਾਲ 4 ਲੋਕਾਂ ਦੀ ਹੋਈ ਮੌਤ
ਅੰਮ੍ਰਿਤਸਰ : ਸਥਾਨਕ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿੱਚ ਉਸਾਰੀ ਗਈ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀ ਟੈਂਕੀ ਦੀ ਸਫ਼ਾਈ ਨਾ ਹੋਣ ਕਾਰਨ ਕਰੀਬ 80 ਲੋਕ ਬਿਮਾਰ ਹੋ ਗਏ ਹਨ ਜਦਕਿ 4 ਲੋਕਾਂ ਦੀ ਜ਼ਹਿਰੀਲਾ ਪਾਣੀ ਪੀਣ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਅੱਜ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਪੁੱਜੀ ਹੈ ਅਤੇ ਪਾਣੀ ਦੇ ਸੈਂਪਲ ਲਏ ਜਾ ਰਹੇ ਹਨ। ਉਥੇ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਤੋਂ ਸਾਫ਼ ਪਾਣੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਅੱਜ 4 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਦਾਅਵੇ ਮਹਿਜ਼ ਦਾਅਵੇ ਹੀ ਨਜ਼ਰ ਆ ਰਹੇ ਹਨ। ਅੰਮ੍ਰਿਤਸਰ ਦੇ ਪਿੰਡ ਫਤਿਹਗੜ੍ਹ ਸ਼ੁਕਰਚੱਕ ਵਿੱਚ ਸਥਿਤ ਪਾਣੀ ਦੀ ਸਪਲਾਈ ਕਰਨ ਵਾਲੀ ਟੈਂਕੀ ਜਿਸ ਦੀ ਲੰਮੇ ਸਮੇਂ ਤੋਂ ਸਫ਼ਾਈ ਨਹੀਂ ਹੋਈ। ਪਿੰਡਾਂ ਵਾਲਿਆਂ ਦਾ ਕਹਿਣਾ ਹੈ ਕਿ ਉਸ ਟੈਂਕੀ ਦਾ ਜ਼ਹਿਰੀਲਾ ਪਾਣੀ ਪੀਣ ਨਾਲ ਪਿੰਡ ਦੇ ਲਗਭਗ 80 ਲੋਕ ਬਿਮਾਰ ਹੋ ਗਏ ਹਨ, ਜਿਨ੍ਹਾਂ ਵਿਚੋਂ ਚਾਰ ਲੋਕਾਂ ਦੀ ਹਾਲ ਹੀ ਵਿੱਚ ਮੌਤ ਵੀ ਹੋ ਚੁੱਕੀ ਹੈ। ਇਸ ਵਿੱਚ ਇਕ 7 ਸਾਲ ਦੀ ਲੜਕੀ ਇਕ 17 ਸਾਲ ਦੀ ਲੜਕੀ ਅਤੇ ਇਕ 60 ਸਾਲ ਦੇ ਵਿਅਕਤੀ ਅਤੇ ਇਕ 85 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਹੈ ਉਥੇ ਹੀ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪਿੰਡ ਵਿੱਚ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਨਹੀਂ ਤਾਂ ਆਉਣ ਵਾਲੇ ਵਾਲੇ ਸਮੇਂ ਵਿੱਚ ਪੂਰਾ ਪਿੰਡ ਹੀ ਇਸ ਜ਼ਹਿਰੀਲੇ ਪਾਣੀ ਦੀ ਭੇਟ ਚੜ੍ਹ ਜਾਵੇਗਾ। ਉਥੇ ਇਸ ਕਾਰਨ ਕੁਝ ਪਿੰਡ ਵਾਲਿਆਂ ਨੇ ਆਪਣੇ ਘਰ ਵਿੱਚ ਹੀ ਪਾਣੀ ਲਈ ਬੋਰ ਕਰਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿਉਂਕਿ ਜ਼ਹਿਰੀਲਾ ਪਾਣੀ ਪੀਣ ਨਾਲ ਹਾਲਾਤ ਖ਼ਰਾਬ ਹੋ ਰਹੇ ਹਨ। ਉਥੇ ਅੱਜ ਤੋਂ ਵਿਭਾਗ ਦੀ ਟੀਮ ਲੈ ਕੇ ਐਸਡੀਐਮ ਵੀ ਮੌਕੇ ਉਤੇ ਜਾਇਜ਼ਾ ਲੈਣ ਪੁੱਜੇ ਜਿਥੇ ਉਨ੍ਹਾਂ ਵੱਲੋਂ ਸੈਂਪਲ ਲਏ ਗਏ ਹਨ ਤੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੋ ਵੱਡੀ ਟੈਂਕੀ ਦਾ ਪਾਣੀ ਹੈ ਉਹ ਪੀਣ ਦੇ ਯੋਗ ਨਹੀਂ ਹੈ, ਜਿਸ ਦਾ ਸੈਂਪਲ ਖਰੜ ਤੋਂ ਟੈਸਟ ਹੋ ਕੇ ਆਇਆ ਹੈ। ਉਥੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਬੜੀ ਸੰਜੀਦਗੀ ਨਾਲ ਕਾਰਵਾਈ ਹੋਵੇਗੀ। ਲੋਕਾਂ ਦੀ ਸਿਹਤ ਨਾਲ ਬਿਲਕੁਲ ਵੀ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਇਹ ਵੀ ਪੜ੍ਹੋ : ਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈਣ ਦਾ ਮਾਮਲਾ ; HC ਵੱਲੋਂ ਪੰਜਾਬ ਸਰਕਾਰ ਨੂੰ ਜਾਣਕਾਰੀ ਦੇਣ ਦੇ ਹੁਕਮ