ਮੁਹਾਲੀ 'ਚ ਇਸ ਸਾਲ ਸਵਾਈਨ ਫਲੂ ਦੇ 4 ਮਾਮਲੇ ਸਾਹਮਣੇ ਆਏ
ਮੁਹਾਲੀ, 28 ਅਗਸਤ: ਮੁਹਾਲੀ ਜ਼ਿਲ੍ਹੇ ਵਿੱਚ ਇਸ ਸਾਲ ਸਵਾਈਨ ਫਲੂ ਦੇ ਚਾਰ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਦੋ ਮਰੀਜ਼ ਵਾਇਰਸ ਤੋਂ ਠੀਕ ਹੋ ਗਏ ਹਨ ਜਦੋਂ ਕਿ ਦੋ ਹੋਰ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਦੱਸ ਦੇਈਏ ਕਿ ਨਿਊ ਚੰਡੀਗੜ੍ਹ, ਮੁੱਲਾਂਪੁਰ ਅਤੇ ਬਲਟਾਣਾ ਉਹ ਖੇਤਰ ਹਨ ਜਿੱਥੋਂ ਇਹ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਮੁਤਾਬਕ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਹਸਪਤਾਲਾਂ ਵਿੱਚ ਵੱਖਰੇ ਫਲੂ ਕਾਰਨਰ ਬਣਾਏ ਗਏ ਹਨ। ਮੈਡੀਕਲ ਸਟਾਫ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਵਾਇਰਲ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾ ਚੁੱਕੇ ਹਨ। ਡਾਕਟਰਾਂ ਨੇ ਕਿਹਾ ਕਿ ਸਵਾਈਨ ਫਲੂ ਬੂੰਦਾਂ ਦੀ ਲਾਗ ਨਾਲ ਫੈਲਦਾ ਹੈ ਅਤੇ ਮਰੀਜ਼ਾਂ ਅਤੇ ਮੈਡੀਕਲ ਸਟਾਫ ਨੂੰ ਮਾਸਕ ਅਤੇ ਦਸਤਾਨੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਵਾਇਰਲ ਲੋਡ ਦੀ ਤੀਬਰਤਾ ਦੇ ਅਧਾਰ ਤੇ ਸਵਾਈਨ ਫਲੂ ਦੇ ਕੇਸਾਂ ਨੂੰ A, B ਅਤੇ C ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਸਿਰਫ਼ C ਸ਼੍ਰੇਣੀ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਅਤੇ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਦੀ ਰਿਪੋਰਟ ਕੀਤੀ ਜਾਂਦੀ ਹੈ। ਜੇਕਰ ਇੰਝ ਹੋਵੇ ਤਾਂ ਮਰੀਜ਼ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਚਾਹੀਦਾ ਹੈ। ਜਦ ਕਿ ਬਾਕੀ ਸ਼੍ਰੇਣੀ ਦੇ ਮਰੀਜ਼ਾਂ ਨੂੰ ਆਪਣੇ ਆਪ ਨੂੰ ਘਰ ਵਿਚ ਹੀ ਅਲੱਗ ਥਲੱਗ ਕਰ ਲੈਣਾ ਚਾਹੀਦਾ ਹੈ। ਵਿਭਾਗ ਅਧਿਕਾਰੀਆਂ ਦਾ ਕਹਿਣਾ ਕਿ ਫ਼ਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਜ਼ਿਲ੍ਹੇ ਵਿੱਚ ਸਵਾਈਨ ਫਲੂ ਨਾਲ ਅਜੇ ਤੱਕ ਕਿਸੇ ਵੀ ਮੌਤ ਦੀ ਖ਼ਬਰ ਨਹੀਂ ਹੈ। -PTC News