ਜਿਸ ਪਟਵਾਰੀ ਦੇ ਹੱਕ 'ਚ ਹੋ ਰਹੇ ਨੇ ਧਰਨੇ-ਮੁਜ਼ਾਹਰੇ, ਉਸ ਦੇ ਘਰੋਂ 33 ਰਜਿਸਟਰੀਆਂ ਬਰਾਮਦ
ਚੰਡੀਗੜ੍ਹ : ਪਟਵਾਰ ਯੂਨੀਅਨ ਸਮੂਹਿਕ ਹੜਤਾਲ ਉਤੇ ਗਈ ਹੈ, ਜਿਸ ਕਾਰਨ ਲੋਕ ਖੱਜਲ-ਖੁਆਰ ਹੋ ਰਹੇ ਹਨ। ਰਿਸ਼ਵਤ ਦੇ ਦੋਸ਼ 'ਚ ਜਿਸ ਪਟਵਾਰੀ ਦੀਦਾਰ ਸਿੰਘ ਛੋਕਰ ਦੀ ਹਮਾਇਤ ਵਿੱਚ ਸੂਬੇ ਭਰ ਵਿੱਚ ਪਟਵਾਰੀ ਤੇ ਕਾਨੂੰਨਗੋ ਹੜਤਾਲ 'ਤੇ ਹਨ, ਉਸ ਦੇ ਘਰੋਂ ਵਿਜੀਲੈਂਸ ਨੇ 33 ਰਜਿਸਟਰੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਰਜਿਸਟਰੀਆਂ ਰਾਹੀਂ ਖ਼ਰੀਦੀਆਂ ਗਈਆਂ ਜਾਇਦਾਦਾਂ ਉਤੇ ਹੁਣ ਤਕ ਕਰੀਬ 1 ਕਰੋੜ 77 ਲੱਖ ਰੁਪਏ ਦਾ ਲੈਣ-ਦੇਣ ਹੋ ਚੁੱਕਾ ਹੈ। ਉਕਤ ਪਟਵਾਰੀ ਦੇ ਦੋ ਵੱਖ-ਵੱਖ ਬੈਂਕ ਖਾਤਿਆਂ 'ਚ ਕਰੀਬ 25 ਲੱਖ ਰੁਪਏ ਜਮ੍ਹਾਂ ਹਨ। ਡੀਐਸਪੀ ਵਿਜੀਲੈਂਸ ਸਤਨਾਮ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪੁੱਛਗਿੱਛ ਅਤੇ ਬੈਂਕ ਖਾਤਿਆਂ ਦੀ ਤਲਾਸ਼ੀ ਲੈਣ ਤੋਂ ਬਾਅਦ ਅਹਿਮ ਜਾਣਕਾਰੀ ਹਾਸਲ ਹੋਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਲ ਪਟਵਾਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਪਿੰਡ ਛੋਕਰ ਦਾ ਮੌਜੂਦਾ ਨੰਬਰਦਾਰ ਵੀ ਹੈ। ਪਟਵਾਰੀ ਹੋਣ ਦੇ ਨਾਤੇ ਉਹ ਨੰਬਰਦਾਰ ਨਹੀਂ ਰਹਿ ਸਕਦਾ ਸੀ, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ ਪਰ ਇਸ ਦੇ ਬਾਵਜੂਦ ਉਹ ਨੰਬਰਦਾਰੀ ਕਰਦਾ ਰਿਹਾ। ਉਸ ਨੇ ਹੁਣ ਤਕ ਦੋ ਲੱਖ ਇਕ ਹਜ਼ਾਰ ਰੁਪਏ ਮਾਣ ਭੱਤਾ ਨੰਬਰਦਾਰ ਵਜੋਂ ਲੈ ਕੇ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ। ਮਲੇਰਕੋਟਲਾ ਵਿੱਚ ਐਚਡੀਐਫਸੀ ਬੈਂਕ 'ਚ ਵੀ ਪਟਵਾਰੀ ਦੇ ਨਾਂ 'ਤੇ ਲਾਕਰ ਹੈ ਜਿਸ ਦੀ ਤਲਾਸ਼ੀ ਲਈ ਅਦਾਲਤ ਤੋਂ ਹੁਕਮ ਆ ਚੁੱਕੇ ਹਨ ਪਰ ਦੀਦਾਰ ਸਿੰਘ ਨੇ ਅਜੇ ਤਕ ਲਾਕਰ ਦੀ ਤਲਾਸ਼ੀ ਲਈ ਚਾਬੀ ਨਹੀਂ ਦਿੱਤੀ। ਅਦਾਲਤ ਦੇ ਹੁਕਮਾਂ 'ਤੇ ਲਾਕਰ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਮਲੇ 'ਚ ਹਾਲੇ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਦੇ ਸੱਦੇ 'ਤੇ ਰੈਵੀਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਦੀਦਾਰ ਸਿੰਘ ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਪਟਵਾਰੀਆਂ ਤੇ ਕਾਨੂੰਗੋਆਂ ਵੱਲੋਂ ਵਿਸ਼ਾਲ ਹੜਤਾਲ ਕੀਤੀ ਗਈ। ਇਸ ਕਾਰਨ ਤਹਿਸੀਲਾਂ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਜਿਸਟਰੀਆਂ ਅਤੇ ਜਾਇਦਾਦਾਂ ਸਬੰਧੀ ਕੰਮ ਕਰਵਾਉਣ ਲਈ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪਿਆ। ਇਹ ਵੀ ਪੜ੍ਹੋ : ਪੰਜਾਬ ਦੀ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ