ਜੰਮੂ-ਕਸ਼ਮੀਰ ਅੱਤਵਾਦੀ ਮੁਕਾਬਲੇ 'ਚ ਪੰਜਾਬ ਦੇ 3 ਫੌਜੀ ਜਵਾਨ ਸ਼ਹੀਦ
ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਇੱਕ ਜੇਸੀਓ ਸਮੇਤ ਪੰਜ ਜਵਾਨ ਸ਼ਹੀਦ ਹੋ ਗਏ ਹਨ ਪਰ ਅਜੇ ਇਸ ਇਲਾਕੇ ਵਿੱਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਸੀ। ਇਨ੍ਹਾਂ ਸ਼ਹੀਦ ਜਵਾਨਾਂ ਵਿੱਚ 3 ਫੌਜੀ ਪੰਜਾਬ ਤੋਂ ਹਨ। ਜੰਮੂ -ਕਸ਼ਮੀਰ ਦੇ ਸੌਰਨਕੋਟ, ਪੁੰਛ ਇਲਾਕੇ 'ਚ ਇਕ ਜੇ.ਸੀ.ਓ. ਸਮੇਤ ਸ਼ਹੀਦ ਹੋਏ ਪੰਜ ਸੈਨਿਕਾਂ ਵਿੱਚ ਨੂਰਪੁਰ ਬੇਦੀ ਬਲਾਕ ਦੇ ਪਿੰਡ ਪਚਰੰਡਾ ਦਾ ਸੈਨਿਕ ਗੱਜਣ ਸਿੰਘ ਵੀ ਸ਼ਾਮਿਲ ਹੈ। 23 ਸਿੱਖ ਰੈਜੀਮੈਂਟ 'ਚ ਭਰਤੀ ਹੋਇਆ ਇਹ ਨੌਜਵਾਨ ਅੱਜ ਕੱਲ੍ਹ 16 ਆਰ.ਆਰ.ਰੈਜੀਮੈਂਟ 'ਚ ਪੁੰਛ ਵਿਖੇ ਤਾਇਨਾਤ ਸੀ। ਸੈਨਿਕ ਗੱਜਣ ਸਿੰਘ ਦਾ ਵਿਆਹ ਲੰਘੀ ਫਰਵਰੀ 2021 ਵਿੱਚ ਹੋਇਆ ਸੀ। - ਨਾਇਬ ਸੂਬੇਦਾਰ ਜਸਵਿੰਦਰ ਸਿੰਘ ਐਸਐਮ, ਵਾਸੀ ਪਿੰਡ ਮਾਨਾ ਤਲਵੰਡੀ, ਜ਼ਿਲ੍ਹਾ ਕਪੂਰਥਲਾ ਅਤੇ ਨਾਇਕ ਮਨਦੀਪ ਸਿੰਘ ਵਾਸੀ ਪਿੰਡ ਸਿਰਹਾ ਜ਼ਿਲ੍ਹਾ ਗੁਰਦਾਸਪੁਰ ਵੀ ਸ਼ਹੀਦੀ ਪਾ ਗਏ। ਇਸ ਤੋਂ ਇਲਾਵਾ ਸਿਪਾਹੀ ਸਾਰਾਜ ਸਿੰਘ ਯੂਪੀ ਤੋਂ ਅਤੇ ਕੇਰਲਾ ਦਾ ਸਿਪਾਹੀ ਵੈਸਾਖ ਵੀ ਸ਼ਹੀਦ ਹੋ ਗਿਆ। -ਸ਼ਹੀਦ ਹੋਏ ਜਵਾਨਾਂ ਵਿਚ ਇਕ ਜਵਾਨ ਮਨਦੀਪ ਸਿੰਘ (30) ਜੋ ਕੇ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਮਨਦੀਪ ਸਿੰਘ ਅਪਣੇ ਪਿੱਛੇ ਅਪਣੀ ਵਿਧਵਾ ਬੁਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਿਆ ਹੈ, ਸ਼ਹੀਦ ਮਨਦੀਪ ਸਿੰਘ ਦਾ ਇਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਜੇ ਸਿਰਫ 39 ਦਿਨ ਦਾ ਹੈ। ਦੱਸ ਦੇਈਏ ਕਿ ਇਸ ਮੁੱਠਬੇੜ 'ਚ ਪਹਿਲਾ ਜੰਮੂ -ਕਸ਼ਮੀਰ ਦੇ ਅਨੰਤਨਾਗ ਅਤੇ ਬਾਂਦੀਪੋਰਾ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ ਸੀ ਅਤੇ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋਇਆ ਸੀ।