ਹਰਿਆਣਾ ਦੇ ਭਿਵਾਨੀ 'ਚ ਡਿੱਗਿਆ ਪਹਾੜ, 3 ਲੋਕਾਂ ਦੀ ਮੌਤ
ਹਰਿਆਣਾ: ਹਰਿਆਣਾ ਦੇ ਭਿਵਾਨੀ ਦੇ ਖਨਨ ਖੇਤਰ ਦਾਦਮ ਵਿੱਚ ਸ਼ਨੀਵਾਰ ਨੂੰ ਇੱਕ ਪਹਾੜ ਡਿੱਗਣ ਨਾਲ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਮਲਬੇ ਹੇਠ ਦੱਬ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ। 10 ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ। ਮਾਈਨਿੰਗ ਵਿੱਚ ਵਰਤੀਆਂ ਜਾਣ ਵਾਲੀਆਂ ਪੋਕਲੈਂਡ ਅਤੇ ਹੋਰ ਕਈ ਮਸ਼ੀਨਾਂ ਮਲਬੇ ਹੇਠਾਂ ਦੱਬ ਗਈਆਂ ਹਨ। ਇਹ ਹਾਦਸਾ ਵਿਚ ਪਹਾੜ ਆਪਣੇ ਆਪ ਖਿਸਕ ਗਿਆ ਜਾਂ ਧਮਾਕੇ ਕਾਰਨ ਇਹ ਹਾਦਸਾ ਵਾਪਰਿਆ, ਇਸ ਬਾਰੇ ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ। ਜ਼ਖਮੀਆਂ ਨੂੰ ਮਲਬੇ 'ਚੋਂ ਕੱਢ ਕੇ ਹਸਪਤਾਲ ਭੇਜਿਆ ਜਾ ਰਿਹਾ ਹੈ। ਮ੍ਰਿਤਕ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮਜ਼ਦੂਰ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੱਥਰਾਂ ਦੇ ਹੇਠਾਂ ਕਿੰਨੇ ਲੋਕ ਦੱਬੇ ਹੋਏ ਹਨ। ਬਚਾਅ ਕਾਰਜ ਜਾਰੀ ਹੈ। ਭਿਵਾਨੀ ਦੇ ਤੋਸ਼ਾਮ ਖੇਤਰ 'ਚ ਖਨਕ ਅਤੇ ਦਾਦਮ 'ਚ ਵੱਡੇ ਪੱਧਰ 'ਤੇ ਪਹਾੜਾਂ ਦੀ ਖੁਦਾਈ ਹੋ ਰਹੀ ਹੈ। ਪ੍ਰਦੂਸ਼ਣ ਕਾਰਨ ਦੋ ਮਹੀਨੇ ਪਹਿਲਾਂ ਮਾਈਨਿੰਗ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ। NGT ਨੇ ਵੀਰਵਾਰ ਨੂੰ ਮਾਈਨਿੰਗ ਕੰਮ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਤੋਂ ਮਾਈਨਿੰਗ ਦਾ ਕੰਮ ਸ਼ੁਰੂ ਹੋ ਗਿਆ। ਦੋ ਮਹੀਨਿਆਂ ਤੋਂ ਮਾਈਨਿੰਗ ਬੰਦ ਹੋਣ ਕਾਰਨ ਇਲਾਕੇ ਵਿੱਚ ਇਮਾਰਤੀ ਸਮੱਗਰੀ ਦੀ ਘਾਟ ਸੀ। ਅੰਦਾਜ਼ਾ ਹੈ ਕਿ ਇਸ ਘਾਟ ਨੂੰ ਦੂਰ ਕਰਨ ਲਈ ਇੱਥੇ ਕੋਈ ਵੱਡਾ ਧਮਾਕਾ ਕੀਤਾ ਗਿਆ ਹੋਵੇਗਾ। -PTC News