ਜੂਆ ਖੇਡ ਰਹੇ 21 ਨੌਜਵਾਨ ਗ੍ਰਿਫ਼ਤਾਰ, ਸਾਢੇ ਸੱਤ ਲੱਖ ਰੁਪਏ ਬਰਾਮਦ
ਅੰਮ੍ਰਿਤਸਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੀਵਾਲੀ ਦੇ ਮੱਦੇਨਜ਼ਰ ਜੂਆ ਖੇਡਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ। ਪੌਸ਼ ਕਾਲੋਨੀ ਬਸੰਤ ਐਵੀਨਿਊ 'ਚ ਇਕ ਕੋਠੀ ਉਤੇ ਛਾਪਾ ਮਾਰ ਕੇ 21 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਫੜੇ ਗਏ ਜੂਏਬਾਜ਼ਾਂ ਵਿੱਚ ਲਵਕੇਸ਼ ਕੁਮਾਰ ਉਰਫ਼ ਰਾਜੂ ਟਾਈਗਰ ਅਤੇ ਕੋਠੀ ਦਾ ਮਾਲਕ ਹਰਕੀਰਤ ਸਿੰਘ ਉਰਫ਼ ਕੀਰਤ ਸ਼ਾਮਲ ਹਨ। ਇਸ ਸਬੰਧੀ ਸੂਚਨਾ ਮਿਲਣ 'ਤੇ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਦੀ ਅਗਵਾਈ 'ਚ ਬਸੰਤ ਐਵੇਨਿਊ ਦੀ ਕੋਠੀ ਨੰਬਰ 6-ਡੀ 'ਚ ਕੀਤੀ ਗਈ ਛਾਪੇਮਾਰੀ ਦੌਰਾਨ 7.50 ਲੱਖ ਰੁਪਏ ਤੇ ਤਿੰਨ ਹੁੱਕੇ ਵੀ ਬਰਾਮਦ ਕੀਤੇ ਗਏ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਦੀਵਾਲੀ ਮੌਕੇ ਸ਼ਹਿਰ ਦੇ ਜੂਏ ਦੇ ਅੱਡਿਆਂ 'ਤੇ ਵੱਡੀ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਸੀ। ਡੀਸੀਪੀ (ਡਿਟੈਕਟਿਵ) ਮੁਖਵਿੰਦਰ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਉਤੇ ਵਿਸ਼ੇਸ਼ ਟੀਮਾਂ ਕੰਮ ਕਰ ਰਹੀਆਂ ਹਨ। ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਕਿ ਪੌਸ਼ ਕਲੋਨੀ ਬਸੰਤ ਐਵੀਨਿਊ ਦੀ ਕੋਠੀ ਨੰਬਰ 6-ਡੀ 'ਚ ਵੱਡੇ ਪੱਧਰ ਉਤੇ ਜੂਆ ਖੇਡਿਆ ਜਾ ਰਿਹਾ ਹੈ। ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਹਾਈ ਕੋਰਟ ਨੂੰ ਜਵਾਬ, ਘਰ-ਘਰ ਆਟਾ ਯੋਜਨਾ ਲਵਾਂਗੇ ਵਾਪਸ ਸੂਚਨਾ ਮਿਲਦੇ ਹੀ ਥਾਣਾ ਮਜੀਠਾ ਰੋਡ ਦੀ ਪੁਲਿਸ ਪਾਰਟੀ ਸਮੇਤ ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਕੋਠੀ ਉਤੇ ਪੁੱਜੀ। ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੋਠੀ ਦੇ ਮਾਲਕ ਹਰਕੀਰਤ ਸਿੰਘ ਉਰਫ ਕਿਰਤ ਦਸਮੇਸ਼ ਨਗਰ ਤੇ ਜੌੜਾ ਫਾਟਕ ਵਾਸੀ ਬੁੱਕੀ ਲਵਕੇਸ਼ ਕੁਮਾਰ ਉਰਫ ਰਾਜੂ ਟਾਈਗਰ ਨਾਲ ਲੱਖਾਂ ਰੁਪਏ ਦਾ ਸੱਟਾ ਲਗਾਇਆ ਜਾ ਰਿਹਾ ਹੈ। ਐਸਪੀਸੀ ਖੋਸਾ ਨੇ ਪੁਲਿਸ ਪਾਰਟੀ ਸਮੇਤ ਕੋਠੀ ਦੇ ਅੰਦਰ ਛਾਪਾ ਮਾਰ ਕੇ ਦੋਵਾਂ ਮੁਲਜ਼ਮਾਂ ਨੂੰ 19 ਹੋਰ ਜੁਆਰੀਆਂ ਸਮੇਤ ਕਾਬੂ ਕਰ ਲਿਆ। ਪੁਲਿਸ ਨੇ ਮੌਕੇ ਤੋਂ 7 ਲੱਖ 50 ਹਜ਼ਾਰ 550 ਰੁਪਏ ਅਤੇ ਤਿੰਨ ਹੁੱਕੇ ਜੋ ਕਿ ਨੌਜਵਾਨਾਂ ਨੂੰ ਪਰੋਸੇ ਜਾ ਰਹੇ ਸਨ, ਕਬਜ਼ੇ 'ਚ ਲੈ ਲਏ ਗਏ ਹਨ। ਏਸੀਪੀ ਉੱਤਰੀ ਖੋਸਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਗੈਂਬਲ ਐਕਟ ਤੇ ਤੰਬਾਕੂ ਤੇ ਸਿਗਰਟ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। -PTC News