20 ਸਾਲਾ ਅਚਿੰਤਾ ਸ਼ੇਉਲੀ ਨੇ ਭਾਰਤ ਲਈ ਤੀਜਾ ਸੋਨ ਤਗਮਾ ਜਿੱਤਿਆ
ਰਾਸ਼ਟਰਮੰਡਲ ਖੇਡਾਂ 2022: ਭਾਰਤੀ ਵੇਟਲਿਫਟਰ ਅਚਿੰਤਾ ਸ਼ੇਉਲੀ ਨੇ ਸੋਨ ਤਗਮਾ ਜਿੱਤ ਭਾਰਤ ਦੀ ਝੋਲੀ ਦੇਸ਼ ਦਾ ਤੀਜਾ ਸੋਨ ਤਗਮਾ ਪਾ ਦਿੱਤਾ ਹੈ। ਸਨੈਚ ਵਿੱਚ ਉਸ ਨੇ ਪਹਿਲੀ ਲਿਫਟ ਵਿੱਚ 137 ਕਿਲੋ ਭਾਰ ਚੁੱਕਿਆ। ਇਸ ਦੇ ਨਾਲ ਹੀ ਦੂਜੀ ਲਿਫਟ ਵਿੱਚ 139 ਕਿਲੋ ਦਾ ਭਾਰ ਚੁੱਕਿਆ ਅਤੇ ਤੀਜੀ ਲਿਫਟ ਵਿੱਚ 143 ਕਿਲੋ ਭਾਰ ਚੁੱਕਿਆ।
ਕਲੀਨ ਐਂਡ ਜਰਕ ਵਿੱਚ ਅਚਿੰਤਾ ਸ਼ੇਉਲੀ ਨੇ ਦੂਜੀ ਕੋਸ਼ਿਸ਼ ਵਿੱਚ 170 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 313 ਕਿਲੋ ਭਾਰ ਚੁੱਕ ਕੇ 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਉਸਦਾ ਤੀਜਾ ਸੋਨ ਤਗਮਾ ਜਿਤਾਇਆ, ਦਿਲਚਸਪ ਗੱਲ ਇਹ ਹੈ ਕਿ ਸਾਰੇ ਗੋਲਡ ਮੈਡਲ ਵੇਟਲਿਫਟਿੰਗ ਵਿੱਚੋਂ ਆਏ ਹਨ।
ਦੱਸ ਦੇਈਏ ਕਿ ਅਚਿੰਤਾ ਸ਼ੇਉਲੀ ਦੀ ਜ਼ਿੰਦਗੀ ਆਸਾਨ ਨਹੀਂ ਰਹੀ ਹੈ। ਦਰਅਸਲ ਅਚਿੰਤਾ ਸ਼ੇਉਲੀ ਦੇ ਪਿਤਾ ਮਜ਼ਦੂਰੀ ਕਰਦੇ ਸਨ। ਇਸ ਤੋਂ ਇਲਾਵਾ ਉਹ ਰਿਕਸ਼ਾ ਵੀ ਚਲਾਉਂਦੇ ਸੀ। ਇੰਨਾ ਹੀ ਨਹੀਂ ਇਸ ਤੋਂ ਬਾਅਦ ਅਚਿੰਤਾ ਸ਼ੇਉਲੀ ਨੇ ਜ਼ਰੀ ਦਾ ਕੰਮ ਵੀ ਕੀਤਾ।
ਜ਼ਰੀ ਦਾ ਕੰਮ ਕਰਨ ਤੋਂ ਇਲਾਵਾ ਉਨ੍ਹਾਂ ਕਈ ਛੋਟੇ-ਮੋਟੇ ਕੰਮ ਵੀ ਕੀਤੇ ਅਤੇ ਸਿਲਾਈ ਦਾ ਕੰਮ ਵੀ ਕਰਦੇ ਰਹੇ ਹਨ। 24 ਨਵੰਬਰ 2001 ਨੂੰ ਪੱਛਮੀ ਬੰਗਾਲ ਦੇ ਹਾਵੜਾ ਵਿੱਚ ਜਨਮੇ ਅਚਿੰਤਾ ਨੇ 2011 ਵਿੱਚ ਪਹਿਲੀ ਵਾਰ ਵੇਟਲਿਫਟਿੰਗ ਬਾਰੇ ਸਿੱਖਿਆ ਸੀ। ਉਸ ਸਮੇਂ ਅਚਿੰਤਾ ਦੀ ਉਮਰ ਸਿਰਫ਼ 10 ਸਾਲ ਸੀ। ਇਸ ਤੋਂ ਇਲਾਵਾ ਅਚਿੰਤਾ ਦਾ ਵੱਡਾ ਭਰਾ ਸਥਾਨਕ ਜਿੰਮ ਵਿੱਚ ਟ੍ਰੇਨਿੰਗ ਕਰਦਾ ਸੀ। ਜਿਸਨੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵੇਟਲਿਫਟਿੰਗ ਬਾਰੇ ਦੱਸਿਆ।
2013 'ਚ ਅਚਿੰਤਾ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹਾਲਾਤ ਵਿਗੜ ਗਏ ਸਨ। ਪਿਤਾ ਦੀ ਮੌਤ ਤੋਂ ਬਾਅਦ ਭਰਾ ਆਲੋਕ ਪਰਿਵਾਰ ਵਿਚ ਇਕੱਲਾ ਕਮਾਉਣ ਵਾਲਾ ਵਿਅਕਤੀ ਸੀ। ਇਸ ਦੇ ਨਾਲ ਹੀ ਅਚਿੰਤਾ ਦੀ ਮਾਂ ਪੂਰਨਿਮਾ ਵੀ ਪਰਿਵਾਰ ਦਾ ਢਿੱਡ ਭਰਨ ਲਈ ਛੋਟੇ-ਮੋਟੇ ਕੰਮ ਕਰਦੇ ਹਨ।
-PTC News