ਰਾਜ ਸਭਾ 'ਚ ਵਿਰੋਧੀ ਧਿਰ ਦੇ 19 ਮੈਂਬਰ ਸਦਨ 'ਚੋਂ ਮੁਅੱਤਲ
ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ ਦੇ ਸੱਤ ਤੇ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੇ ਛੇ ਮੈਂਬਰਾਂ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਕੁੱਲ 19 ਮੈਂਬਰਾਂ ਨੂੰ ਇਸ ਹਫ਼ਤੇ ਦੀਆਂ ਬਾਕੀ ਕਾਰਵਾਈ ਲਈ ਮੁਅੱਤਲ ਕਰ ਦਿੱਤਾ ਗਿਆ। ਰਾਜ ਸਭਾ ਦੀ ਕਾਰਵਾਈ ਵਿੱਚ ਅੜਿੱਕਾ ਪਾਉਣ ਉਤੇ 19 ਮੈਂਬਰਾਂ ਨੂੰ ਸਦਨ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। 18 ਜੁਲਾਈ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਤੋਂ ਹੀ ਸਾਰੀਆਂ ਵਿਰੋਧੀ ਪਾਰਟੀਆਂ ਮਹਿੰਗਾਈ ਤੇ ਕੁਝ ਖਾਣ-ਪੀਣ ਵਾਲੀਆਂ ਵਸਤੂਆਂ 'ਤੇ ਜੀਐਸਟੀ ਲਗਾਉਣ ਖਿਲਾਫ ਉਪਰਲੇ ਸਦਨ ਦੀ ਕਾਰਵਾਈ 'ਚ ਰੁਕਾਵਟ ਪਾ ਰਹੀਆਂ ਹਨ। ਡਿਪਟੀ ਚੇਅਰਮੈਨ ਹਰੀਵੰਸ਼ ਨੇ ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਾਰ-ਵਾਰ ਬੇਨਤੀ ਕੀਤੀ ਕਿ ਉਹ ਆਪੋ-ਆਪਣੇ ਸਥਾਨਾਂ ਉਤੇ ਬੈਠ ਜਾਣ ਅਤੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਨਾ ਪਾਉਣ। ਉਨ੍ਹਾਂ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ਨੂੰ ਚਿਤਾਵਨੀ ਵੀ ਦਿੱਤੀ ਪਰ ਉਨ੍ਹਾਂ ਨੇ ਵਿਰੋਧ ਜਾਰੀ ਰੱਖਿਆ। ਹੰਗਾਮਾ ਨਾ ਰੁਕਦਾ ਤੇ ਵਿਰੋਧੀ ਧਿਰ ਦੇ ਮੈਂਬਰਾਂ 'ਤੇ ਕੋਈ ਅਸਰ ਨਾ ਹੁੰਦਾ ਦੇਖ ਕੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਨੇ 10 ਮੈਂਬਰਾਂ ਨੂੰ ਮੁਅੱਤਲ ਕਰਨ ਦਾ ਮਤਾ ਪੇਸ਼ ਕੀਤਾ ਪਰ ਜਦੋਂ ਇਸ ਨੂੰ ਵੋਟ ਨਾਲ ਪਾਸ ਕੀਤਾ ਗਿਆ ਤਾਂ ਹਰੀਵੰਸ਼ ਨੇ 19 ਮੈਂਬਰਾਂ ਦੇ ਨਾਂ ਲੈ ਲਏ। ਇਸ ਤੋਂ ਬਾਅਦ 19 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਤ੍ਰਿਣਮੂਲ ਕਾਂਗਰਸ ਦੇ ਸੱਤ, ਡੀਐਮਕੇ ਦੇ ਛੇ, ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐਸ) ਦੇ ਤਿੰਨ, ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਦੋ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦਾ ਇੱਕ ਮੈਂਬਰ ਸ਼ਾਮਲ ਹੈ। ਤ੍ਰਿਣਮੂਲ ਕਾਂਗਰਸ ਦੇ ਸੁਸ਼ਮਿਤਾ ਦੇਵ, ਮੌਸਮ ਨੂਰ, ਸ਼ਾਂਤਾ ਛੇਤਰੀ, ਡੋਲਾ ਸੇਨ, ਸ਼ਾਂਤਨੂ ਸੇਨ, ਅਬੀਰ ਰੰਜਨ ਬਿਸਵਾਸ ਤੇ ਨਦੀਮੁਲ ਹੱਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਡੀਐਮਕੇ ਦੇ ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਐਮ ਮੁਹੰਮਦ ਅਬਦੁੱਲਾ, ਕਨੀਮੋਝੀ ਐਨਵੀਐਨ ਸੋਮੂ, ਐਮ ਸ਼ਨਮੁਗਮ, ਐਸ ਕਲਿਆਣਸੁੰਦਰਮ, ਆਰ.ਜੀ.ਆਰ. ਇਲਾਂਗੋ ਅਤੇ ਟੀਆਰਐਸ ਦੇ ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਬੀ ਲਿੰਗਈਆ ਯਾਦਵ, ਰਵੀਚੰਦਰ ਵਦੀਰਾਜੂ ਤੇ ਦਾਮੋਦਰ ਰਾਓ ਦਿਵਾਕੋਂਡਾ ਸ਼ਾਮਲ ਹਨ। ਸੀਪੀਆਈ (ਐਮ) ਦੇ ਏਏ ਰਹੀਮ ਅਤੇ ਵੀ ਸ਼ਿਵਦਾਸਨ ਅਤੇ ਸੀਪੀਆਈ ਦੇ ਸੰਦੋਸ਼ ਕੁਮਾਰ ਨੂੰ ਵੀ ਇਸ ਹਫ਼ਤੇ ਲਈ ਸਦਨ ਦੀ ਬੈਠਕ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਹਰੀਵੰਸ਼ ਨੇ ਕਿਹਾ ਕਿ ਮੈਂਬਰਾਂ ਨੂੰ ਸਦਨ ਤੇ ਪ੍ਰਧਾਨਗੀ ਦੇ ਅਧਿਕਾਰ ਦੀ "ਪੂਰੀ ਤਰ੍ਹਾਂ ਅਣਦੇਖੀ" ਕਾਰਨ ਹੀ ਸਦਨ ਦੀ ਕਾਰਵਾਈ ਲਈ ਮੁਅੱਤਲ ਕੀਤਾ ਗਿਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਨੂੰ ਸਦਨ ਛੱਡਣ ਲਈ ਕਿਹਾ ਗਿਆ ਸੀ ਪਰ ਸਾਰੇ ਮੁਅੱਤਲ ਮੈਂਬਰ ਸਦਨ ਵਿੱਚ ਹੀ ਰਹੇ। ਇਸ ਕਾਰਨ ਸਦਨ ਦੀ ਕਾਰਵਾਈ ਵਿੱਚ ਵਾਰ-ਵਾਰ ਅੜਿੱਕਾ ਪਾਇਆ ਗਿਆ ਤੇ ਆਖਰਕਾਰ ਦਿਨ ਭਰ ਲਈ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਮੁਅੱਤਲੀ ਮਤਾ ਪਾਸ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਪਹਿਲਾਂ 15 ਮਿੰਟ, ਫਿਰ ਇਕ ਘੰਟੇ ਲਈ ਅਤੇ ਫਿਰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਹ ਵੀ ਪੜ੍ਹੋ : ਡਾਨਸੀਵਲ ਦੀ ਧੀ ਸੁਪਰੀਤ ਕੌਰ ਨੇ 8 ਭਾਸ਼ਾਵਾਂ 'ਚ ਅੱਵਲ ਰਹਿ ਕੇ ਦੇਸ਼ ਦਾ ਮਾਣ ਵਧਾਇਆ