ਕੁੱਕੜਾਂ ਦੀ ਲੜਾਈ 'ਚ ਚੱਲੀਆਂ ਗੋਲ਼ੀਆਂ, 19 ਲੋਕਾਂ ਦੀ ਮੌਤ
ਮੈਕਸੀਕੋ ਸਿਟੀ : ਦੁਨੀਆਂ ਵਿੱਚ ਅੱਜ ਵੀ ਕਈ ਤਿਉਹਾਰਾਂ ਵਿੱਚ ਪਾਬੰਦੀਸ਼ੁਦਾ ਜਾਨਵਰਾਂ ਦੀ ਲੜਾਈ ਕਰਵਾਈ ਜਾ ਰਹੀ ਹੈ। ਤਿਉਹਾਰਾਂ ਦੌਰਾਨ ਜਾਨਵਰਾਂ ਦੀ ਲੜਾਈ ਨੂੰ ਪਰੰਪਰਾ ਮੰਨਿਆ ਜਾ ਰਿਹਾ ਹੈ। ਮੱਧ ਮੈਕਸੀਕੋ 'ਚ ਗੋਲੀਬਾਰੀ ਦੀ ਘਟਨਾ 'ਚ 19 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇਕ ਬਿਆਨ 'ਚ ਕਿਹਾ ਕਿ ਮਿਕੋਆਕਨ ਰਾਜ ਦੇ ਲਾਸ ਤਿਨਾਜਾਸ ਸ਼ਹਿਰ 'ਚ ਇੱਕ ਤਿਉਹਾਰ ਲਈ ਇਕੱਠੇ ਹੋਏ ਲੋਕਾਂ ਉਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਲਾਸ਼ਾਂ ਉਤੇ ਗੋਲ਼ੀਆਂ ਦੇ ਨਿਸ਼ਾਨ ਵੀ ਪਾਏ ਗਏਏ। ਪ੍ਰੋਸੀਕਿਊਸ਼ਨ ਦਫਤਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਬਿਆਨ ਮੁਤਾਬਕ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕ੍ਰਾਈਮ ਸੀਨ ਤੇ ਐਕਸਪਰਟ ਸਰਵਿਸਿਜ਼ ਯੂਨਿਟ ਦੇ ਮੁਲਾਜ਼ਮ ਤੁਰੰਤ ਮੌਕੇ 'ਤੇ ਪੁੱਜ ਗਏ। ਉੱਥੇ ਉਨ੍ਹਾਂ ਨੂੰ 19 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ 'ਚੋਂ 16 ਬੰਦੇ ਤੇ ਤਿੰਨ ਔਰਤਾਂ ਸਨ। ਇਸ ਹਮਲੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੱਛਮੀ ਮੈਕਸੀਕੋ ਦੇ ਮਿਕੋਆਕਨ ਸੂਬੇ 'ਚ ਕੁੱਕੜਾਂ ਦੀ ਲੜਾਈ ਦੌਰਾਨ 19 ਲੋਕਾਂ ਦੀ ਮੌਤ ਹੋ ਗਈ। ਅਚਾਨਕ ਵਾਪਰੀ ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਕੁੱਕੜ ਲੜਨ ਦੇ ਗੈਰ-ਕਾਨੂੰਨੀ ਮੁਕਾਬਲੇ ਦੌਰਾਨ ਕੁਝ ਬੰਦੂਕਧਾਰੀਆਂ ਨੇ ਬੰਦੂਕਾਂ ਲਹਿਰਾਉਂਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਇਸ ਹਮਲੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਗੈਂਗ ਵਾਰ ਦੀ ਰੰਜਿਸ਼ ਤਹਿਤ ਅੰਜਾਮ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਮੈਕਸੀਕੋ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਜਦੋਂ ਬੰਦੂਕਧਾਰੀਆਂ ਨੇ ਪਾਰਕਾਂ, ਬਾਰਾਂ ਅਤੇ ਕਲੱਬਾਂ 'ਤੇ ਹਮਲਾ ਕਰ ਕੇ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਕਈ ਬੇਕਸੂਰ ਲੋਕਾਂ ਦੀ ਜਾਨ ਵੀ ਗਈ। ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਸਰਹੱਦ ਤੋਂ ਹੈਰੋਇਨ ਦੀ ਖੇਪ ਬਰਾਮਦ, ਦੋ ਸਮੱਗਲਰ ਫ਼ਰਾਰ