ਦਰਜਾ ਚਾਰ ਦੀਆਂ ਪੰਜ ਪੋਸਟਾਂ ਦੇ ਲਈ 1660 ਅਰਜ਼ੀਆਂ ਪਹੁੰਚੀਆਂ
ਸ੍ਰੀ ਮੁਕਤਸਰ ਸਾਹਿਬ, 30 ਮਾਰਚ 2022: ਬੇਰੁਜ਼ਗਾਰੀ ਦਾ ਪੰਜਾਬ ਵਿੱਚ ਆਲਮ ਕੀ ਹੈ ਇਸ ਦੀ ਤਸਵੀਰ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਉਸ ਸਮੇਂ ਨਜ਼ਰ ਆਈ ਜਦੋਂ ਸਥਾਨਕ ਕੋਰਟ ਕੰਪਲੈਕਸ ਵਿਚ ਸੇਵਾਦਾਰ ਦੀਆਂ ਪੰਜ ਅਸਾਮੀਆਂ ਲਈ ਕੁੱਲ 1660 ਅਰਜ਼ੀਆਂ ਤਹਿਤ ਨੌਜਵਾਨ ਇੰਟਰਵਿਊ ਦੇਣ ਪਹੁੰਚੇ।
ਇਹ ਵੀ ਪੜ੍ਹੋ: ਵੈਕਸੀਨ ਦੀ ਦੂਜੀ ਡੋਜ਼ ਮਗਰੋਂ ਬਾਲੜੀ ਦੀ ਮੌਤ, ਇਜਾਜ਼ਤ ਦੇ ਉਲਟ ਲਾਇਆ ਗਿਆ ਟੀਕਾ
ਇਨ੍ਹਾਂ ਹੀ ਨਹੀਂ ਬਲਕਿ ਦਰਜਾ ਚਾਰ ਦੀ ਅਸਾਮੀ ਲਈ ਗ੍ਰੈਜੂਏਟ ਅਤੇ ਪੋਸਟ ਗਰੈਜੂਏਟ ਨੌਜਵਾਨਾਂ ਦੀ ਵੀ ਭਰਮਾਰ ਸੀ। ਨੌਜਵਾਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਬੇਰੁਜ਼ਗਾਰੀ ਕਰਕੇ ਬਹੁਤ ਬੁਰਾ ਹਾਲ ਹੈ, ਜਿਸ ਕਾਰਨ ਉਹ ਹਰ ਨੌਕਰੀ ਦਾ ਫਾਰਮ ਭਰਦੇ ਹਨ। ਪਰ ਨੌਕਰੀਆਂ ਮਿਲ ਨਹੀਂ ਰਹੀਆਂ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਹੋਂਦ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੁਜ਼ਗਾਰ ਦਾ ਵਾਅਦਾ ਕੀਤਾ ਹੈ ਪਰ ਇਹ ਇੱਕ ਤਸਵੀਰ ਹੈ ਜੋ ਸਰਕਾਰ ਨੂੰ ਹੀ ਇਹ ਸਿੱਖ ਦੇਵੇਗੀ ਕਿ ਅਸਲ ਵਿੱਚ ਜ਼ਮੀਨੀ ਪੱਧਰ 'ਤੇ ਪੰਜਾਬ ਦੇ ਨੌਜਵਾਨਾਂ ਦੀ ਰੁਜ਼ਗਾਰ ਪੱਖੋਂ ਹਾਲਤ ਕੀ ਹੈ। ਇਸ ਮੌਕੇ ਨੌਜਵਾਨਾਂ ਨੇ ਕਿਹਾ ਕਿ ਜਿੱਥੇ ਵੱਧ ਤੋਂ ਵੱਧ ਨੌਕਰੀਆਂ ਨਿਕਲਣੀਆਂ ਚਾਹੀਦੀਆਂ ਹਨ ਓਥੇ ਹਨ ਪੰਜਾਬ ਦਾ ਸਿਸਟਮ ਵੀ ਸੁਧਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਜਰੀਵਾਲ ਦੇ ਘਰ 'ਤੇ ਹੋਏ ਹਮਲੇ ਦੀ ਨਿਖੇਧੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਦੌਰਾਨ ਰਾਜ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 25,000 ਅਸਾਮੀਆਂ ਭਰਨ ਦੀ ਪ੍ਰਵਾਨਗੀ ਦਿੱਤੀ ਹੈ ਜਿਸ ਵਿੱਚ ਪੁਲਿਸ ਫੋਰਸ ਵਿੱਚ 10,000 ਅਸਾਮੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਗਰੁੱਪ ਸੀ ਅਤੇ ਡੀ ਦੇ 35,000 ਆਰਜ਼ੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਵੀ ਐਲਾਨ ਕੀਤਾ ਹੈ।
- ਰਿਪੋਰਟਰ ਕੁਲਦੀਪ ਪਰਿੰਨੀ ਦੇ ਸਹਿਯੋਗ ਨਾਲ
-PTC News