ਪੰਜਾਬ ਦੇ ਇੰਸਪੈਕਟਰ ਸਮੇਤ 151 ਪੁਲਿਸ ਮੁਲਾਜ਼ਮ 'ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ' ਨਾਲ ਸਨਮਾਨਿਤ
ਨਵੀਂ ਦਿੱਲੀ, 12 ਅਗਸਤ: ਕੇਂਦਰੀ ਗ੍ਰਹਿ ਮੰਤਰੀ 'ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ 2022' ਲਈ ਸ਼ੁੱਕਰਵਾਰ ਨੂੰ 151 ਪੁਲਿਸ ਮੁਲਾਜ਼ਮਾਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਇੰਸਪੈਕਟਰ ਸ਼ਮਿੰਦਰ ਸਿੰਘ, ਜੋ ਕਿ ਇਹ ਵੱਕਾਰੀ ਮੈਡਲ ਪ੍ਰਾਪਤ ਕਰਨ ਵਾਲੇ 151 ਪੁਲਿਸ ਮੁਲਾਜ਼ਮਾਂ ਵਿੱਚੋਂ ਇੱਕ ਹਨ, ਨੂੰ ਵੀ 'ਡਿਊਟੀ ਪ੍ਰਤੀ ਬੇਮਿਸਾਲ ਸਮਰਪਣ' ਲਈ ਮੁੱਖ ਮੰਤਰੀ ਮੈਡਲ, 'ਉੱਤਮ ਸੇਵਾ' ਲਈ ਰਾਸ਼ਟਰਪਤੀ ਮੈਡਲ ਅਤੇ 6 ਡੀਜੀਪੀ ਪ੍ਰਸ਼ੰਸਾਯੋਗ ਡਿਸਕਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ 15, ਮਹਾਰਾਸ਼ਟਰ ਪੁਲਿਸ ਦੇ 11, ਮੱਧ ਪ੍ਰਦੇਸ਼ ਪੁਲਿਸ ਅਤੇ ਉੱਤਰ ਪ੍ਰਦੇਸ਼ ਪੁਲਿਸ ਦੇ 10-10, ਕੇਰਲ ਪੁਲਿਸ, ਰਾਜਸਥਾਨ ਪੁਲਿਸ ਅਤੇ ਪੱਛਮੀ ਬੰਗਾਲ ਪੁਲਿਸ ਦੇ 8-8 ਅਤੇ ਬਾਕੀ ਹੋਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸੰਸਥਾਵਾਂ ਦੇ ਹਨ। ਇਨ੍ਹਾਂ ਪੁਰਸਕਾਰ ਜੇਤੂਆਂ ਵਿੱਚ 28 ਮਹਿਲਾ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਉਤਸ਼ਾਹਿਤ ਕਰਨ ਅਤੇ ਜਾਂਚ ਵਿੱਚ ਅਜਿਹੀ ਉੱਤਮਤਾ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ 2018 ਵਿੱਚ ਕੇਂਦਰੀ ਗ੍ਰਹਿ ਮੰਤਰੀ 'ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ' ਦਾ ਗਠਨ ਕੀਤਾ ਗਿਆ ਸੀ। ਇਸ ਦਾ ਐਲਾਨ ਹਰ ਸਾਲ 12 ਅਗਸਤ ਨੂੰ ਕੀਤਾ ਜਾਂਦਾ ਹੈ। ਇਹ ਮੈਡਲ ਕੇਂਦਰੀ ਜਾਂਚ ਏਜੰਸੀਆਂ, ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਬਲ ਦੇ ਮੈਂਬਰਾਂ ਨੂੰ ਤਫ਼ਤੀਸ਼ ਵਿੱਚ ਸ਼ਾਨਦਾਰ ਸੇਵਾ ਦੇ ਸਨਮਾਨ ਵਿੱਚ ਜਾਂਚ ਵਿੱਚ ਉੱਤਮਤਾ ਦੇ ਆਧਾਰ 'ਤੇ ਦਿੱਤਾ ਜਾਂਦਾ ਹੈ। - ਰਿਪੋਰਟਰ ਗਗਨਦੀਪ ਸਿੰਘ ਆਹੂਜਾ ਦੇ ਸਹਿਯੋਗ ਨਾਲ -PTC News