ਸਿਰ ਚੜ੍ਹੀ ਧੁੱਪੇ ਝੋਨਾ ਲਾਉਂਦਿਆਂ 12ਵੀਂ ਜਮਾਤ ਵਿਦਿਆਰਥਣ ਦੀ ਦਿਮਾਗੀ ਦੌਰੇ ਨਾਲ ਮੌਤ
ਭਵਾਨੀਗੜ੍ਹ, 14 ਜੁਲਾਈ: ਸਥਾਨਕ ਗੁਰੂ ਰਵਿਦਾਸ ਕਾਲੋਨੀ ਦੇ ਗਰੀਬ ਪਰਿਵਾਰ ਨਾਲ ਸਬੰਧਿਤ 12ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਝੋਨਾ ਲਾਉਂਦਿਆਂ ਜ਼ਿਆਦਾ ਗਰਮੀ ਹੋਣ ਕਾਰਨ ਦਿਮਾਗੀ ਦੌਰਾ ਪੈ ਜਾਣ ’ਤੇ ਇਕ ਹਫ਼ਤੇ ਦੇ ਇਲਾਜ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੇ ਮਾਮਾ ਕੁਲਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਭਾਣਜੀ ਸਿਮਰਨ ਕੌਰ ਪੁੱਤਰੀ ਚਰਨਜੀਤ ਸਿੰਘ 12ਵੀਂ ਜਮਾਤ ’ਚ ਪੜ੍ਹਦੀ ਹੋਣ ਦੇ ਬਾਵਜੂਦ ਆਰਥਿਕ ਤੰਗੀ ਕਾਰਨ ਤੇ ਘਰ ’ਚ ਜ਼ਿਆਦਾ ਗਰੀਬੀ ਹੋਣ 'ਤੇ ਪਿਤਾ ਬਿਮਾਰ ਰਹਿੰਦੇ ਹੋਣ ਕਾਰਨ ਆਪਣੇ ਛੋਟੇ ਭੈਣ-ਭਰਾਵਾਂ ਨੂੰ ਪਾਲਣ ਲਈ ਆਪਣੀ ਮਾਤਾ ਨਾਲ ਮਿਹਨਤ-ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਉਨ੍ਹਾਂ ਦੱਸਿਆ ਕਿ ਸਿਮਰਨ ਕੌਰ ਲੰਘੀ 6 ਜੁਲਾਈ ਨੂੰ ਜਦੋਂ ਆਪਣੇ ਪਰਿਵਾਰ ਨਾਲ ਇਕ ਕਿਸਾਨ ਦੇ ਖੇਤ ’ਚ ਝੋਨਾ ਲਗਾ ਰਹੀ ਸੀ ਤਾਂ ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਉਸ ਨੂੰ ਖੇਤ ’ਚ ਦਿਮਾਗ ਦਾ ਦੌਰਾ ਪੈ ਗਿਆ ਤੇ ਉਹ ਉਥੇ ਹੀ ਡਿੱਗ ਪਈ, ਜਿਸ ਨੂੰ ਇਲਾਜ ਲਈ ਸੰਗਰੂਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਨਿੱਜੀ ਹਸਪਤਾਲ ਦੀ ਮਹਿੰਗੀ ਫੀਸ ਨਾ ਦੇ ਸਕਣ ਕਾਰਨ ਫਿਰ ਉਸ ਨੂੰ ਰੈਫ਼ਰ ਕਰਵਾ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਕ ਹਫ਼ਤੇ ਦੇ ਕਰੀਬ ਚੱਲੇ ਇਲਾਜ ਦੌਰਾਨ ਅਖੀਰ ਉਸ ਨੇ ਦਮ ਤੋੜ ਦਿੱਤਾ। ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਤੋਂ ਭਾਰਤੀ ਜੋੜਾ 45 ਪਿਸਤੌਲਾਂ ਸਮੇਤ ਗ੍ਰਿਫਤਾਰ ਇਸ ਘਟਨਾ ਨੂੰ ਲੈ ਕੇ ਇਲਾਕੇ 'ਚ ਭਾਰੀ ਸੋਗ ਦੀ ਲਹਿਰ ਪਾਈ ਗਈ। ਇਸ ਮੌਕੇ 'ਆਪ' ਆਗੂ ਰੋਸ਼ਨ ਲਾਲ ਤੇ ਰਾਜ ਨਫ਼ਰੀਆ ਤੋਂ ਇਲਾਵਾ ਬਸਪਾ ਆਗੂ ਹੰਸ ਰਾਜ ਨਫ਼ਰੀਆ, ਪਰਗਟ ਸਿੰਘ ਤੇ ਗੁਰਮੀਤ ਸਿੰਘ ਸਮੇਤ ਹੋਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ ਤੇ ਗਰੀਬਾਂ ਦੇ ਚੰਗੇ ਤੇ ਮੁਫ਼ਤ ਇਲਾਡ ਲਈ ਸ਼ਹਿਰਾਂ ਤੇ ਪਿੰਡਾਂ ’ਚ ਉਚੇਚੇ ਪ੍ਰਬੰਧ ਕੀਤੇ ਜਾਣ। -PTC News