Wed, Nov 13, 2024
Whatsapp

ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 11 ਨਾਜਾਇਜ਼ ਇਮਾਰਤਾਂ ਸੀਲ

Reported by:  PTC News Desk  Edited by:  Jasmeet Singh -- July 22nd 2022 07:20 PM
ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 11 ਨਾਜਾਇਜ਼ ਇਮਾਰਤਾਂ ਸੀਲ

ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 11 ਨਾਜਾਇਜ਼ ਇਮਾਰਤਾਂ ਸੀਲ

ਪਟਿਆਲਾ, 22 ਜੁਲਾਈ: ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ) ਨੇ ਨਾਜਾਇਜ਼ ਇਮਾਰਤਾਂ ਨੂੰ ਲੈ ਕੇ ਪਹਿਲਾਂ ਨਾਲੋਂ ਵੀ ਸਖ਼ਤੀ ਹੋਰ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਨਿਗਮ ਕਮਿਸ਼ਨਰ ਦੇ ਹੁਕਮਾਂ 'ਤੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਬਿਲਡਿੰਗ ਬ੍ਰਾਂਚ ਰਾਹੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ 11 ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ। ਸੰਯੁਕਤ ਕਮਿਸ਼ਨਰ ਅਨੁਸਾਰ ਤ੍ਰਿਪੜੀ ਟਾਊਨ ਵਿੱਚ ਚਾਰ, ਭੁਪਿੰਦਰਾ ਰੋਡ ’ਤੇ ਦੋ, ਲਾਹੌਰੀ ਗੇਟ ਨੇੜੇ ਇੱਕ, ਫੈਕਟਰੀ ਏਰੀਆ ਨੇੜੇ ਤਿੰਨ ਅਤੇ ਅਲੀਪੁਰ ਰੋਡ ’ਤੇ ਇੱਕ ਦੁਕਾਨ ਸੀਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਿਗਮ ਵੱਲੋਂ ਦਰਜਨ ਤੋਂ ਵੱਧ ਦੁਕਾਨਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਸੀ। ਇਸ ਸਬੰਧੀ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਦੀਆਂ ਹਦਾਇਤਾਂ ਅਨੁਸਾਰ ਸ਼ਹਿਰ ਦੇ ਉਪਰੋਕਤ ਖੇਤਰਾਂ ਵਿੱਚ 11 ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਸਾਰੀਆਂ ਵਪਾਰਕ ਇਮਾਰਤਾਂ ਬਿਲਡਿੰਗ ਨਿਯਮਾਂ ਦੇ ਉਲਟ ਬਣ ਰਹੀਆਂ ਸਨ। ਜਿਨ੍ਹਾਂ ਦੁਕਾਨਾਂ ਦੇ ਸ਼ਟਰ ਅਜੇ ਤੱਕ ਫਿੱਟ ਨਹੀਂ ਕੀਤੇ ਗਏ ਸਨ, ਉਨ੍ਹਾਂ ਦੇ ਅੱਗੇ ਵਿਸ਼ੇਸ਼ ਲਾਲ ਪੱਟੀ ਲਗਾ ਕੇ ਸੀਲਿੰਗ ਦੀ ਕਾਰਵਾਈ ਕੀਤੀ ਗਈ ਹੈ, ਤਾਂ ਜੋ ਇਮਾਰਤ ਦੀ ਉਸਾਰੀ ਨੂੰ ਰੋਕਣ ਦਾ ਸੰਕੇਤ ਮਿਲ ਸਕੇ। ਇਸ ਦੇ ਨਾਲ ਹੀ ਸੀਲ ਕੀਤੀਆਂ ਸਾਰੀਆਂ ਇਮਾਰਤਾਂ ਨੂੰ ਸੀਲ ਕਰਨ ਦੇ ਨੋਟਿਸ ਵੀ ਚਿਪਕਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਨਿਗਮ ਕਮਿਸ਼ਨਰ ਜੀਵਨ ਜੋਤ ਕੌਰ ਨੇ ਫੀਲਡ ਵਿੱਚ ਕਈ ਥਾਵਾਂ ਦਾ ਦੌਰਾ ਕਰਕੇ ਨਾਜਾਇਜ਼ ਇਮਾਰਤਾਂ ਸਬੰਧੀ ਸੂਚੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿੱਚ ਨਿਗਮ ਵੱਲੋਂ ਸਾਰੀਆਂ ਨਵੀਆਂ ਬਣ ਰਹੀਆਂ ਇਮਾਰਤਾਂ ਦਾ ਰਿਕਾਰਡ ਚੈੱਕ ਕਰਕੇ ਉਨ੍ਹਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਬਿਨਾਂ ਨਕਸ਼ੇ ਤੋਂ ਬਣੀਆਂ ਇਮਾਰਤਾਂ ਨੂੰ ਨੱਥ ਪਾਈ ਜਾ ਸਕੇ। ਦਿਲਚਸਪ ਗੱਲ ਇਹ ਹੈ ਕਿ ਵੀਰਵਾਰ ਨੂੰ ਸਥਾਨਕ ਸਰਕਾਰਾਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਆਪਣੀ ਪਟਿਆਲਾ ਫੇਰੀ ਦੌਰਾਨ ਨਿਗਮ ਦੇ ਸਮੂਹ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਪੰਜਾਬ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਕਿਸੇ ਨੂੰ ਵੀ ਨਿਯਮਾਂ ਦੀ ਅਣਦੇਖੀ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਨੇ ਬਿਲਡਿੰਗ ਬ੍ਰਾਂਚ ਦਾ ਖਾਸ ਤੌਰ 'ਤੇ ਨਾਂ ਲਿਆ ਸੀ, ਕਿਉਂਕਿ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਨਜਾਇਜ ਇਮਾਰਤਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਹਨ। ਲੋਕਲ ਬਾਡੀਜ਼ ਮੰਤਰੀ ਦੇ ਦੌਰੇ ਤੋਂ ਬਾਅਦ ਤੋਂ ਹੀ ਨਗਰ ਨਿਗਮ ਨੇ ਨਾਜਾਇਜ਼ ਇਮਾਰਤਾਂ ਵਿਰੁੱਧ ਸਖ਼ਤੀ ਤੇਜ਼ ਕਰ ਦਿੱਤੀ ਹੈ। ਨਿਗਮ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਇਮਾਰਤ ਦੀ ਉਸਾਰੀ ਲਈ ਕੋਈ ਵੀ ਸ਼ਾਰਟਕੱਟ ਲੈ ਕੇ ਆਪਣਾ ਮਾਲੀ ਨੁਕਸਾਨ ਨਾ ਕਰੇ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਾਜਾਇਜ਼ ਇਮਾਰਤ ਨਿਗਮ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਸ ’ਤੇ ਨਿਰਧਾਰਤ ਨਿਯਮਾਂ ਅਨੁਸਾਰ ਕਾਰਵਾਈ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਹ ਵੀ ਪੜ੍ਹੋ: ਕਤਲ ਮਗਰੋਂ ਲਾਰੈਂਸ ਦੀ ਗੁਰਗੇ ਨਾਲ ਕਥਿਤ ਕਾਲ ਲੀਕ, ਸ਼ਾਰਪਸ਼ੂਟਰ ਨੇ ਕਤਲ ਤੋਂ ਬਾਅਦ ਕਹੀਆਂ ਇਹ ਗੱਲਾਂ ਨਿਗਮ ਕਮਿਸ਼ਨਰ ਅਨੁਸਾਰ ਜੋ ਵੀ ਵਿਅਕਤੀ ਆਪਣੀ ਵਪਾਰਕ ਜਾਂ ਘਰੇਲੂ ਇਮਾਰਤ ਬਣਾਉਣਾ ਚਾਹੁੰਦਾ ਹੈ, ਉਹ ਆਪਣਾ ਨਕਸ਼ਾ ਅਤੇ ਫੀਸ ਨਿਗਮ ਕੋਲ ਜਮ੍ਹਾ ਕਰਵਾਏ, ਨਿਰਧਾਰਿਤ ਸਮੇਂ ਅੰਦਰ ਨਕਸ਼ਾ ਪਾਸ ਕਰਵਾ ਕੇ ਹੀ ਇਮਾਰਤ ਦੀ ਉਸਾਰੀ ਸ਼ੁਰੂ ਕੀਤੀ ਜਾਵੇ। ਇਲਾਕਾ ਨਿਵਾਸੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਜਾਇਜ਼ ਨਕਸ਼ਾ ਨਿਰਧਾਰਤ ਸਮੇਂ ਵਿੱਚ ਹੀ ਪਾਸ ਕੀਤਾ ਜਾਵੇਗਾ। - ਰਿਪੋਰਟ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ -PTC News


Top News view more...

Latest News view more...

PTC NETWORK