109 ਸਾਲ ਦੀ ਬੇਬੇ ਭਗਵਾਨ ਕੌਰ ਫਿਰ ਵੋਟ ਪਾਉਣ ਲਈ ਤਿਆਰ
ਜਗਰਾਉਂ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਵੋਟਰਾਂ ਵਿੱਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਜਗਰਾਉਂ ਦੇ ਪਿੰਡ ਮੱਲਾ ਦੀ ਰਹਿਣ ਵਾਲੀ 109 ਸਾਲ ਦੀ ਬੇਬੇ ਭਗਵਾਨ ਕੌਰ ਇਕ ਵਾਰ ਪੰਜਾਬ ਵਿੱਚ ਫਿਰ ਸਰਕਾਰ ਬਣਾਉਣ ਲਈ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਤਿਆਰ ਹੈ। ਬੇਬੇ ਦੇ ਦੱਸਣ ਮੁਤਾਬਕ ਹੁਣ ਤੱਕ ਬੇਬੇ ਭਗਵਾਨ ਕੌਰ ਨੇ ਆਪਣੀ ਜਿੰਦਗੀ ਵਿੱਚ ਆਈਆਂ ਸਾਰੀਆਂ ਚੋਣਾਂ ਵਿੱਚ ਵੋਟ ਪਈ ਹੈ। ਦੱਸ ਦੇਈਏ ਕਿ ਬੇਬੇ ਦੀ 70 ਸਾਲਾ ਨੂੰਹ ਜਗੀਰ ਕੌਰ ਅਤੇ 45 ਸਾਲ ਦੀ ਪੋਤ ਨੂੰਹ ਵੀ ਬੇਬੇ ਨਾਲ ਜਾ ਕੇ ਹੀ ਵੋਟ ਪਾਉਂਦੀਆਂ ਹਨ। ਇਸ ਬਾਰੇ ਬੇਬੇ ਭਗਵਾਨ ਕੌਰ ਨੇ ਦੱਸਿਆ ਹੈ ਕਿ ਉਹ ਬੜੇ ਸ਼ੌਕ ਨਾਲ ਹਰ ਵਾਰ ਵੋਟ ਪਾਉਣ ਜਰੂਰ ਜਾਂਦੀ ਹੈ ਅਤੇ ਇਸ ਵਾਰ ਵੀ ਉਹ ਵੋਟ ਪਾਉਣ ਜਾਵੇਗੀ। ਬੇਬੇ ਨੇ ਆਪਣੀ ਸਿਹਤ ਬਾਰੇ ਦੱਸਿਆ ਹੈ ਕਿ ਸਿਹਤ ਪੱਖੋਂ ਬਿਲਕੁੱਲ ਠੀਕ ਰਹਿੰਦੀ ਹੈ ਅਤੇ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਹੈ। ਬੇਬੇ ਦਾ ਕਹਿਣਾ ਹੈ ਕਿ ਉਹ ਆਪਣਾ ਕੰਮ ਆਪ ਕਰਦੀ ਹੈ। ਇਸ ਮੌਕੇ ਬੇਬੇ ਭਗਵਾਨ ਕੌਰ ਦੀ 70 ਸਾਲ ਦੀ ਨੂੰਹ ਜਗੀਰ ਕੌਰ ਨੇ ਦੱਸਿਆ ਕਿ ਉਸਦਾ ਆਪਣੀ ਸੱਸ ਨਾਲ ਬੜਾ ਪਿਆਰ ਹੈ ਅਤੇ ਉਹ ਇਕੱਠੀਆਂ ਹੀ ਜਿਥੇ ਜਾਣਾ ਹੋਵੇ ਜਾਂਦੀਆਂ ਹਨ। ਇਸ ਮੌਕੇ ਬੇਬੇ ਭਗਵਾਨ ਕੌਰ ਦੀ 45 ਸਾਲ ਦੀ ਪੋਤ ਨੂੰਹ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੇਬੇ ਕਰਕੇ ਪੂਰੀ ਰੌਣਕ ਹੈ ਅਤੇ ਵੋਟ ਪਾਉਣ ਦਾ ਚਾਅ ਬੇਬੇ ਨੂੰ ਪੂਰਾ ਹੁੰਦਾ ਹੈ। ਬੇਬੇ ਭਗਵਾਨ ਕੌਰ ਦੇ 72 ਸਾਲ ਦੇ ਬੇਟੇ ਸੁਖਜੰਤ ਸਿੰਘ ਦਾ ਕਹਿਣਾ ਹੈ ਕਿ ਬੇਬੇ ਸਿਹਤ ਪੱਖੋਂ ਤੰਦਰੁਸਤ ਹੈ ਅਤੇ ਉਹ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਜਾਂਦੀ ਹੈ ਅਤੇ ਉਹ ਬੜੇ ਪਿਆਰ ਨਾਲ ਸਾਰੇ ਪਰਿਵਾਰ ਨੂੰ ਇੱਕਠਾ ਰੱਖਦੀ ਹੈ। ਪਿੰਡ ਦੇ ਸਰਪੰਚ ਹਰਬੰਸ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਬੇ ਉੱਤੇ ਮਾਣ ਹੈ ਕਿ ਇਸ ਉਮਰ ਵਿਚ ਵੀ ਉਹ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਰਕਾਰ ਬਣਾਉਣ ਵਿਚ ਯੋਗਦਾਨ ਪਾਵੇਗੀ ਅਤੇ ਇਸ ਵਾਰ ਜਗਰਾਉਂ ਦੇ SDM ਸਾਹਿਬ ਕਹਿ ਕੇ ਗਏ ਹਨ ਕਿ ਬੇਬੇ ਨੂੰ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਬਿਠਾ ਕੇ ਪੂਰੇ ਸਨਮਾਨ ਨਾਲ ਵੋਟ ਪਵਾਉਣ ਲਈ ਲੈ ਕੇ ਜਾਵਾਂਗੇ। ਇਹ ਵੀ ਪੜ੍ਹੋ:ਬਠਿੰਡਾ ਕੇਂਦਰੀ ਜੇਲ੍ਹ 'ਚ ਗੈਂਗਸਟਰਾਂ ਵਿਚਾਲੇ ਹੋਈ ਝੜਪ -PTC News