ਟੋਲ ਟੈਕਸ ਵਿੱਚ 10 ਤੋਂ 18 ਫੀਸਦੀ ਵਾਧਾ ਮੋਦੀ ਸਰਕਾਰ ਦੀ ਲੋਕ ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ
ਚੰਡੀਗੜ੍ਹ, 30 ਮਾਰਚ 2022: ਆਮ ਆਦਮੀ ਪਾਰਟੀ, ਪੰਜਾਬ ਦੀ ਸੀਨੀਅਰ ਆਗੂ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਟੋਲ ਟੈਕਸ ਦੀਆਂ ਦਰਾਂ ਵਿੱਚ 10 ਤੋਂ 18 ਫੀਸਦੀ ਤੱਕ ਦਾ ਵਾਧਾ ਕਰਨ ਦੇ ਫੈਸਲੇ ਨੇ ਭਾਜਪਾ ਦੀ ਲੋਕ ਵਿਰੋਧੀ ਮਾਨਸਿਕਤਾ ਹੋਣ ਦਾ ਪ੍ਰਗਟਾਵਾ ਕੀਤਾ ਹੈ। ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਇੱਕ ਹੋਰ ਵੱਡਾ ਫੈਸਲਾ- ਇੱਕ ਸਾਲ ਤੋਂ ਵੱਧ ਇੱਕ ਸੀਟ 'ਤੇ ਨਹੀਂ ਰਹਿਣਗੇ ਕਰਮਚਾਰੀ ਬਲਜਿੰਦਰ ਕੌਰ ਨੇ ਬੁੱਧਵਾਰ ਨੂੰ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਤੋਂ ਬਾਅਦ ਹੁਣ ਮੋਦੀ ਸਰਕਾਰ ਦੇ ਹੁਕਮਾਂ 'ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.ਏ.) ਨੇ ਪੰਜਾਬ ਦੇ ਟੋਲ ਪਲਾਜ਼ਿਆਂ ਦੇ ਰੇਟਾਂ 'ਚ 10 ਤੋਂ 18 ਫੀਸਦੀ ਤੱਕ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਂਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਜੋ ਪਟਿਆਲਾ ਅਤੇ ਸੰਗਰੂਰ ਸਮੇਤ ਸਾਰੇ ਟੋਲ ਪਲਾਜ਼ਿਆਂ 'ਤੇ ਲਾਗੂ ਹੋਣਗੀਆਂ। ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਅਤੇ ਵਧੇ ਰੇਟਾਂ ਦਾ ਵਿਰੋਧ ਕਰ ਰਹੇ ਹਨ। ਸੂਬੇ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਸੂਬਾ ਪੱਧਰੀ ਅੰਦੋਲਨ ਕਰਨ ਦਾ ਵੀ ਐਲਾਨ ਕੀਤਾ ਹੈ ਕਿਉਂਕਿ ਤੇਲ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਮੋਦੀ ਸਰਕਾਰ ਟੋਲ ਦਰਾਂ ਵਧਾ ਕੇ ਆਮ ਲੋਕਾਂ 'ਤੇ ਹੋਰ ਬੋਝ ਪਾ ਰਹੀ ਹੈ। 'ਆਪ' ਆਗੂ ਨੇ ਕਿਹਾ ਕਿ 2014 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਚੋਣਾਂ 'ਚ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਮੁੱਦੇ ਉਠਾ ਕੇ ਸੱਤਾ 'ਚ ਆਈ ਸੀ ਪਰ ਹੁਣ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਲਗਾਤਾਰ ਪੈਟਰੋਲ, ਡੀਜ਼ਲ ਦੇ ਰੇਟਾਂ 'ਚ ਤੇ ਬਿਨਾਂ ਸੋਚੇ ਸਮਝੇ ਟੋਲ ਟੈਕਸ 'ਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਹਿੰਗਾਈ ਵੀ ਕਾਬੂ ਤੋਂ ਬਾਹਰ ਹੋ ਗਈ ਹੈ ਅਤੇ ਸਾਡੇ ਦੇਸ਼ ਦੇ ਗਰੀਬ ਅਤੇ ਮੱਧ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ: ਪ੍ਰਸਿੱਧ ਸਿੱਖ ਸ਼ਖ਼ਸੀਅਤਾਂ ਦੀਆਂ ਕਹਾਣੀਆਂ ਨੂੰ ਵੱਡੇ ਪਰਦੇ 'ਤੇ ਪ੍ਰਦਰਸ਼ਿਤ ਕਰਨਗੇ ਮਹੇਸ਼ ਭੱਟ ਉਨ੍ਹਾਂ ਕਿਹਾ ਕਿ ਆਵਾਜਾਈ ਦੇ ਖਰਚੇ ਵਧਣ ਨਾਲ ਖਾਣ-ਪੀਣ ਦੀਆਂ ਵਸਤੂਆਂ ਵੀ ਮਹਿੰਗੀਆਂ ਹੋ ਜਾਣਗੀਆਂ ਅਤੇ ਆਮ ਲੋਕਾਂ 'ਤੇ ਹੋਰ ਆਰਥਿਕ ਬੋਝ ਪਵੇਗਾ ਪਰ ਮੋਦੀ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਫਿਰ ਤੋਂ ਅਣਗੌਲਿਆ ਕਰ ਰਹੀ ਹੈ। -PTC News