ਨਸ਼ਾ ਤਸਕਰ ਨੂੰ ਬਚਾਉਣ ਲਈ 10 ਲੱਖ ਦੀ ਰਿਸ਼ਵਤ; ਦੋਸ਼ੀ ਐਸਐਚਓ ਪੁਲਿਸ ਗ੍ਰਿਫਤ 'ਚ
ਅੰਮ੍ਰਿਤਸਰ, 29 ਜੁਲਾਈ: ਸਪੈਸ਼ਲ ਟਾਸਕ ਫੋਰਸ ਨੇ ਸ਼ੁੱਕਰਵਾਰ ਸਵੇਰੇ ਫਰੰਟੀਅਰ ਥਾਣਾ ਲੋਪੋਕੇ ਦੇ ਐਡੀਸ਼ਨਲ ਐੱਸਐੱਚਓ ਨਰਿੰਦਰ ਸਿੰਘ ਨੂੰ ਐਨਡੀਪੀਐਸ ਕੇਸ ਵਿੱਚ ਮੁਲਜ਼ਮਾਂ ਤੋਂ ਪ੍ਰੋਟੈਕਸ਼ਨ ਮਨੀ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ ’ਚੋਂ 10 ਲੱਖ ਰੁਪਏ ਦੀ ਨਕਦੀ ਬਰਾਮਦ ਕਰ ਕੇ ਐਫਆਈਆਰ ਦਰਜ ਕਰ ਲਈ ਗਈ ਹੈ। ਕੁੱਝ ਸਮਾਂ ਪਹਿਲਾਂ ਸਪੈਸ਼ਲ ਟਾਸਕ ਫੋਰਸ ਨੇ ਲੋਪੋਕੇ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਚੱਕ ਔਲ ਤੋਂ ਇੱਕ ਵਿਅਕਤੀ ਨੂੰ ਐਨਡੀਪੀਐਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ, ਮੁਲਜ਼ਮ ਜੇਲ੍ਹ ਵਿੱਚ ਸੀ। ਇਸ ਦੌਰਾਨ ਲੋਪੋਕੇ ਥਾਣੇ ਦੇ ਐਡੀਸ਼ਨਲ ਐਸਐਚਓ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਐਸਟੀਐਫ ਅਧਿਕਾਰੀਆਂ ਨੂੰ ਖੁਸ਼ ਕਰਨ ਲਈ ਪੈਸੇ ਦੇਵੇ ਤਾਂ ਉਹ ਉਸ ਨੂੰ ਕੇਸ ਤੋਂ ਬਚਾ ਸਕਦਾ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਕੁੱਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਤਾਂ ਜਿਵੇਂ ਹੀ ਐਡੀਸ਼ਨਲ ਸਟੇਸ਼ਨ ਇੰਚਾਰਜ ਨਰਿੰਦਰ ਸਿੰਘ ਨੇ ਉਸ 'ਤੇ ਪੈਸੇ ਦੇਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ 9.75 ਲੱਖ ਰੁਪਏ ਦੇ ਦਿੱਤੇ। ਦੂਜੇ ਪਾਸੇ ਐਸਟੀਐਫ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਮਿਲ ਗਈ। ਜਦੋਂ ਸਵੇਰੇ ਐਸਟੀਐਫ ਦੇ ਅਧਿਕਾਰੀਆਂ ਨੇ ਨਰਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਸੱਚ ਉਜਾਗਰ ਕਰ ਦਿੱਤਾ। ਪੁਲਿਸ ਨੇ ਉਸ ਦੇ ਕਬਜ਼ੇ 'ਚੋਂ ਪੈਸੇ ਵੀ ਬਰਾਮਦ ਕਰ ਲਏ ਹਨ। ਜਿਸਤੋਂ ਬਾਅਦ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਦੋਸ਼ੀ ਨਰਿੰਦਰ ਸਿੰਘ ਨੂੰ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਹ ਵੀ ਪੜ੍ਹੋ: ਸਰਹੱਦੀ ਇਲਾਕੇ 'ਚ ਨਾਜਾਇਜ਼ ਮਾਈਨਿੰਗ ਬਣ ਸਕਦੀ ਦੇਸ਼ ਦੀ ਸੁਰੱਖਿਆ ਲਈ ਖ਼ਤਰਾ, ਕੈਬਨਿਟ ਮੰਤਰੀ ਅਣਜਾਣ -PTC News