TMC MP Derek O'Brien: ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਬਾਕੀ ਬਚੇ ਸਮੇਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਓ ਬ੍ਰਾਇਨ 'ਤੇ ਸਦਨ ਦੀ ਕਾਰਵਾਈ 'ਚ ਰੁਕਾਵਟ ਪਾਉਣ ਦਾ ਦੋਸ਼ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਰਾਜ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ। ਲੋਕ ਸਭਾ 'ਚ ਬੁੱਧਵਾਰ ਦੁਪਹਿਰ ਨੂੰ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ (14 ਦਸੰਬਰ) ਨੂੰ ਇਕ ਵਾਰ ਫਿਰ ਤੋਂ ਸੰਸਦ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਓ ਬ੍ਰਾਇਨ ਨੇ ਰਾਜ ਸਭਾ ਦੀ ਕਾਰਵਾਈ ਵਿਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ, ਜਿਸ 'ਤੇ ਉਨ੍ਹਾਂ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ ਗਿਆ।ਦਰਅਸਲ ਡੇਰੇਕ ਓ ਬ੍ਰਾਇਨ ਨੇ ਸੰਸਦ ਦੀ ਸੁਰੱਖਿਆ 'ਚ ਹੋਈ ਕੁਤਾਹੀ 'ਤੇ ਚਰਚਾ ਦੀ ਮੰਗ ਕੀਤੀ ਸੀ। ਪਰ ਇਸ 'ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਟੀਐਮਸੀ ਦੇ ਸੰਸਦ ਮੈਂਬਰ ਦਾ ਨਾਂ ਲਿਆ ਅਤੇ ਉਨ੍ਹਾਂ ਨੂੰ ਤੁਰੰਤ ਸਦਨ ਛੱਡਣ ਦੇ ਆਦੇਸ਼ ਦਿੱਤੇ। ਧਨਖੜ ਨੇ ਕਿਹਾ, 'ਡੇਰੇਕ ਓ ਬ੍ਰਾਇਨ ਨੂੰ ਤੁਰੰਤ ਸਦਨ ਛੱਡਣ ਲਈ ਕਿਹਾ ਗਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਚੇਅਰਮੈਨ ਦੀ ਗੱਲ ਨਹੀਂ ਮੰਨੇਗਾ। ਡੇਰੇਕ ਓ ਬ੍ਰਾਇਨ ਦਾ ਕਹਿਣਾ ਹੈ ਕਿ ਉਹ ਨਿਯਮਾਂ ਦਾ ਸਨਮਾਨ ਨਹੀਂ ਕਰੇਗਾ। ਇਹ ਇੱਕ ਗੰਭੀਰ ਦੁਰਵਿਹਾਰ ਹੈ। ਇਹ ਸ਼ਰਮਨਾਕ ਘਟਨਾ ਹੈ।