ਸੋਲਨ, 31 ਦਸੰਬਰ: ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਪਰਵਾਨੂ ਵਿੱਚ ਟਿੰਬਰ ਟ੍ਰੇਲ ਰਿਜ਼ੋਰਟ ਨੇੜੇ ਇੱਕ ਇਨੋਵਾ ਗੱਡੀ ਦੇ ਕਰੀਬ 300 ਮੀਟਰ ਡੂੰਘੇ ਖੱਡ 'ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਕਿ ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖਮੀ ਹਨ। ਹਾਸਿਲ ਜਾਣਕਾਰੀ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਪਰਵਾਨੂ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਦੀ ਥਾਂ 'ਤੇ ਪਹੁੰਚ ਬਚਾਅ ਕਾਰਜ 'ਚ ਜੁੱਟ ਗਈਆਂ। ਜਿਸ ਤੋਂ ਬਾਅਦ ਗੱਡੀ 'ਚ ਸਵਾਰ ਸਾਰੀਆਂ ਸਵਾਰੀਆਂ ਨੂੰ ਨੇੜਲੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਮੰਡੀ ਗੋਬਿੰਦਗੜ੍ਹ ਦੇ 39 ਸਾਲਾ ਰਵੀ ਸਿੰਗਲਾ ਅਤੇ ਬਿਹਾਰ ਦੇ 21 ਸਾਲਾ ਸਮਸਤੀਪੁਰ ਦੇ ਰਾਧੇਸ਼ਿਆਮ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਜ਼ਖ਼ਮੀਆਂ ਦੀ ਪਛਾਣ ਮੰਡੀ ਗੋਬਿੰਦਗੜ੍ਹ ਵਾਸੀ ਰਵਿੰਦਰ ਕੁਮਾਰ, ਬਲਰਾਮ, ਚੰਦਨ ਕੁਮਾਰ ਅਤੇ ਕੁੰਦਨ ਕੁਮਾਰ ਵਜੋਂ ਹੋਈ ਹੈ। ਜਿਨ੍ਹਾਂ ਨੂੰ ਬਾਅਦ ਵਿੱਚ ਜੀ.ਐਮ.ਸੀ.ਐਚ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਵਿਭਾਗ ਮੁਤਾਬਿਕ ਡਰਾਈਵਰ ਖ਼ਿਲਾਫ਼ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਕੇਸ ਦਰਜ ਕਰ ਲਿਆ ਗਿਆ ਹੈ।