Punjab News: ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਸਾਹਿਬ (ਸੁਲਤਾਨਪੁਰ ਲੋਧੀ) 'ਤੇ ਬਿਨਾਂ ਕਿਸੇ ਭੜਕਾਹਟ ਦੇ ਪੁਲਿਸ ਵੱਲੋਂ 23 ਨਵੰਬਰ ਨੂੰ ਅੰਮ੍ਰਿਤ ਵੇਲੇ ਆਟੋਮੈਟਿਕ ਹਥਿਆਰਾਂ ਨਾਲ ਕੀਤੀ ਗਈ ਭਾਰੀ ਫਾਇਰਿੰਗ ਅਤੇ ਅੰਨੇਵਾਹ ਹੰਝੂ ਗੈਸ ਕੀਤੀ ਗਈ ਵਰਤੋਂ ਵੱਡਾ ਜੁਰਮ ਹੈ। ਇਸ ਕਰਕੇ SSP ਕਪੂਰਥਲਾ ਬੀਬੀ ਵਤਸਲਾ ਗੁਪਤਾ ਦੀ ਅਗਵਾਈ ਹੇਠ ਬਣਾਈ ਪੁਲਿਸ ਦੀ SIT ਨੂੰ ਸ਼੍ਰੋਮਣੀ ਅਕਾਲੀ ਦਲ ਮੁੱਢੋਂ ਰੱਦ ਕਰਦਿਆਂ CBI ਵਰਗੀ ਨਿਰਪੱਖ ਏਜੰਸੀ ਤੋਂ ਜਾਂਚ ਦੀ ਮੰਗ ਕਰਦਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕੀਤਾ ਹੈ।ਉਨਾਂ ਕਿਹਾ SSP ਕਪੂਰਥਲਾ ਵਤਸਲਾ ਗੁਪਤਾ ਤਾਂ ਖੁਦ ਇਸ ਘਟਨਾ ਦੇ ਵੱਡੇ ਦੋਸ਼ੀ ਹਨ। ਇਹ ਕਿੱਥੋਂ ਦਾ ਕਾਨੂੰਨ ਹੈ ਕਿ ਪੁਲਿਸ ਆਪ ਹੀ ਮੁਜਰਿਮ ਤੇ ਆਪ ਹੀ ਮੁੰਸ਼ਿਫ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦੱਸਣ ਕਿ ਉਹਨਾਂ ਦੀ ਕੀ ਮਜ਼ਬੂਰੀ ਸੀ ਕਿ ਉਹਨਾਂ ਨੇ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ 'ਤੇ ਅੰਨੇਵਾਹ ਗੋਲੀ ਚਲਾਉਣ ਦੇ ਹੁਕਮ ਕਿਉਂ ਦਿੱਤੇ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਗੋਲੀ ਚਲਾਉਣ ਦੇ ਹੁਕਮ ਦੂਜੇ ਦਲ ਦੇ ਮੁੱਖੀ ਨਾਲ ਆਪਣੇ ਨੇੜਲੇ ਸੰਬੰਧਾਂ ਕਾਰਣ ਦੂਜੇ ਧੜੇ ਦੇ ਨਿਹੰਗ ਸਿੰਘਾਂ ਤੋਂ ਕਬਜ਼ਾ ਹਰ ਹਾਲਤ ਖਾਲੀ ਕਰਵਾਉਣ ਲਈ ਹੀ ਦਿੱਤੇ ਸਨ। ਉਹਨਾਂ ਕਿਹਾ ਕਿ ਭਗਵੰਤ ਮਾਨ ਖੁਦ ਹੀ ਲੰਬੇ ਸਮੇਂ ਤੋਂ ਦਾਅਵਾ ਕਰਦੇ ਆ ਰਹੇ ਹਨ ਕਿ ਸੂਬੇ ਅੰਦਰ ਲੋਕਾਂ ਉੱਤੇ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਹਮੇਸ਼ਾਂ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਵੱਲੋਂ ਹੀ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਅਤੇ ਸੰਬੰਧਿਤ ਪੁਲਿਸ ਅਧਿਕਾਰੀਆਂ 'ਤੇ ਧਾਰਾ 302 ਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਣ ਦਾ ਕੇਸ ਦਰਜ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਵੀ ਇੰਦਰਾਂ ਗਾਂਧੀ ਦੇ ਰਾਹ 'ਤੇ ਚੱਲ ਪਏ ਹਨ ਜਿਸਨੇ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕਈ ਹੋਰ ਗੁਰਦੁਆਰਾ ਸਾਹਿਬਾਨ 'ਤੇ ਹਮਲਾ ਕੀਤਾ ਸੀ।ਇਹ ਵੀ ਜ਼ਿਕਰਯੋਗ ਹੈ ਕਿ ਉਥੇ ਕਿਸੇ ਵੀ ਤਰ੍ਹਾਂ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨਹੀਂ ਸੀ। ਉਹਨਾਂ ਕਿਹਾ ਕਿ ਨਿਹੰਗ ਸਿੰਘ ਪਿਛਲੇ ਤਿੰਨ ਦਿਨ ਤੋਂ ਗੁਰਦਵਾਰਾ ਸ਼੍ਰੀ ਅਕਾਲ ਬੁੰਗਾ ਸਾਹਿਬ ਵਿੱਚ ਮੌਜੂਦ ਸਨ। ਜਿਸ ਸਮੇਂ ਪੁਲਿਸ ਵੱਲੋਂ ਨਿਹੰਗ ਸਿੰਘਾਂ 'ਤੇ ਗੋਲੀ ਚਲਾਈ ਗਈ ਉਸ ਸਮੇਂ ਪ੍ਰਸਾਸ਼ਨ ਵੱਲੋਂ ਉਥੇ ਕੋਈ ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਨਹੀਂ ਸੀ ਅਤੇ ਨਾਂ ਹੀ ਉਸ ਸਮੇਂ ਉਥੇ ਕੋਈ ਮੈਜਿਸਟ੍ਰੇਟ ਹਾਜ਼ਰ ਹੀ ਸੀ ਅਤੇ ਨਾ ਹੀ ਪੁਲਿਸ ਵੱਲੋਂ ਕਾਰਵਾਈ ਕਰਨ ਤੋਂ ਪਹਿਲਾਂ ਕੋਈ ਅਨਾਉਂਸਮੈਂਟ ਹੀ ਕੀਤੀ ਗਈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਹੀ ਇਸ ਸੰਵੇਦਨਸ਼ੀਲ ਕੇਸ ਦੀ ਜਾਂਚ CBI ਵਰਗੀ ਕਿਸੇ ਨਿਰਪੱਖ ਜਾਂਚ ਏਜੰਸੀ ਨੂੰ ਤੁਰੰਤ ਸੌਂਪੇ।