ਚੰਡੀਗੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਜਿਸ ਤਰੀਕੇ ਪੰਜਾਬ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਮੁਖੀ ਸੁਖਦੇਵ ਸਿੰਘ ਗੋਗਾਮੈੜੀ ਦਾ ਜੈਪੁਰ ਵਿਚ ਕਤਲ ਕਰਵਾਉਣ ਦੀ ਯੋਜਨਾ ਘੜ ਕੇ ਉਸਨੂੰ ਅਮਲੀ ਜਾਮਾ ਪਹਿਨਾ ਰਹੇ ਹਨ, ਉਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸੱਚਾਈ ਇਹੀ ਹੈ ਕਿ ਗੈਂਗਸਟਰ ਸੰਪਤ ਨਹਿਰਾ ਨੇ ਬਠਿੰਡਾ ਜੇਲ੍ਹ ਵਿਚ ਬੈਠ ਕੇ ਹੀ ਨਾ ਸਿਰਫ ਗੋਗਾਮੈੜੀ ਦੀ ਹੱਤਿਆ ਦੀ ਸਾਜ਼ਿਸ਼ ਘੜੀ ਬਲਕਿ ਏ ਕੇ 47 ਦਾ ਵੀ ਪ੍ਰਬੰਧ ਕੀਤਾ, ਜਿਸ ਤੋਂ ਪਤਾ ਲੱਗਦਾ ਹੈ ਕਿ ਜੇਲ੍ਹ ਵਿਭਾਗ ਗੈਂਗਸਟਰਾਂ ਕੋਲ ਸਮਾਰਟ ਫੋਨ ਪਹੁੰਚਣ ਤੋਂ ਰੋਕਣ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਗ੍ਰਹਿ ਤੇ ਜੇਲ੍ਹ ਮੰਤਰੀ ਹਨ, ਇਸੇ ਲਈ ਉਹ ਇਸ ਗੱਲ ਲਈ ਜਵਾਬਦੇਹ ਹਨ ਕਿ ਪੰਜਾਬ ਦੀਆਂ ਜੇਲ੍ਹਾਂ ਉਹਨਾਂ ਦੀ ਨਿਗਰਾਨੀ ਹੇਠ ਗੈਂਗਸਟਰਾਂ ਵਾਸਤੇ ਸੁਰੱਖਿਅਤ ਪਨਾਹਗਾਹਾਂ ਕਿਉਂ ਬਣ ਗਈਆਂ ਹਨ।ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਜੇਲ੍ਹ ਵਿਚ ਬੈਠ ਕੇ ਵੱਡੀ ਸ਼ਖਸੀਅਤ ਦਾ ਕਤਲ ਕਰਨ ਦੀ ਯੋਜਨਾ ਘੜ ਕੇ ਉਸਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਸੁਰੱਖਿਅਤ ਪਨਾਹਗਾਹ ਬਣ ਗਈਆਂ ਹਨ ਜਿਥੇ ਬੈਠ ਕੇ ਕਤਲ ਦੀ ਯੋਜਨਾ ਘੜੀ ਜਾਂਦੀ ਹੈ ਤੇ ਉਸਨੂੰ ਅਮਲੀ ਜਾਮਾ ਪਹਿਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਫਿਰੌਤੀਆਂ ਵਸੂਲਣ ਤੇ ਅਗਵਾਕਾਰੀ ਦੇ ਮਾਮਲਿਆਂ ਦੀਆਂ ਵੀ ਯੋਜਨਾਵਾਂ ਘੜੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਗੈਂਗਸਟਰਾਂ ਨੂੰ ਨਕੇਲ ਪਾਉਣ ਵਿਚ ਅਸਫਲ ਰਿਹਾ ਹੈ ਜਿਹਨਾਂ ਨੇ ਜੇਲ੍ਹਾਂ ਵਿਚ ਅਪਰਾਧ ਦਾ ਨੈਟਵਰਕ ਬਣਾ ਲਿਆ ਹੈ।ਉਹਨਾਂ ਕਿਹਾ ਕਿ ਸਰਕਾਰ ਹਾਲੇ ਤੱਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਸੂਬੇ ਦੀ ਜੇਲ੍ਹ ਵਿਚੋਂ ਇੰਟਰਵਿਊ ਦੇਣ ਦੇ ਮਾਮਲੇ ਵਿਚ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਜਦੋਂ ਕਿ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ।ਉਹਨਾਂ ਕਿਹਾ ਕਿ ਸਰਕਾਰ ਰੋਪੜ ਜੇਲ੍ਹ ਵਿਚ ਬੰਦ ਰਹੇ ਮੁਖ਼ਤਿਆਰੀ ਅੰਸਾਰੀ ਨੂੰ ਵੀ ਵੀ ਆਈ ਪੀ ਸਹੂਲਤਾਂ ਦੇਣ ’ਤੇ ਆਏ ਖਰਚ ਨੂੰ ਵਸੂਲਣ ਦੇ ਦਾਅਵੇ ਕਰਨ ਦੇ ਬਾਵਜੂਦ ਇਹ ਵਸੂਲੀ ਨਹੀਂ ਕਰ ਸਕੀ।ਮਜੀਠੀਆ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਆਪ ਨੋਟਿਸ ਲੈਣ ਤੇ ਨਾਲ ਹੀ ਬਠਿੰਡਾ ਜੇਲ੍ਹ ਵਿਚ ਗੋਗਾਮੈੜੀ ਦੇ ਕਤਲ ਦੀ ਯੋਜਨਾ ਦਾ ਵੀ ਨੋਟਿਸ ਲੈਣ। ਉਹਨਾਂ ਕਿਹਾ ਕਿ ਜਿਸ ਤਰੀਕੇ ਭਗਵੰਤ ਮਾਨ ਦੀ ਨਿਗਰਾਨੀ ਹੇਠ ਗੈਂਗਸਟਰਾਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ, ਉਸ ਦੀ ਬਾਰੀਕੀ ਨਾਲ ਜਾਂਚ ਜ਼ਰੂਰੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਗੈਂਗਸਟਰਾਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਅਕਾਲੀ ਦਲ ਦੇ ਵਫਦ ਨੂੰ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਹਾਲਾਂਕਿ ਏ ਡੀ ਜੀ ਪੀ ਜੇਲ੍ਹਾਂ ਨੇ ਇਸਦੀ ਪ੍ਰਵਾਨਗੀ ਵੀ ਦਿੱਤੀ ਸੀ।ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਦੇ ਸਾਬਕਾ ਡੀ ਜੀ ਪੀ ਸਿਧਾਰਥ ਚਟੋਪਾਧਿਆਏ ਦੇ ਨਸ਼ਾ ਤਸਕਰਾਂ ਨਾਲ ਸੰਬੰਧਾਂ ਦੀ ਵੀ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਚਟੋਪਾਧਿਆਏ ਦੀ ਇਕ ਨਸ਼ਾ ਤਸਕਰ ਨਾਲ ਆਡੀਓ ਰਿਕਾਰਡਿੰਗ ਜਨਤਕ ਹੈ। ਉਹਨਾਂ ਕਿਹਾ ਕਿ ਚਟੋਪਾਧਿਆਏ 2022 ਦੀਆਂ ਚੋਣਾਂ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਵੇਲੇ ਸੁਰੱਖਿਆ ਵਿਚ ਹੋਈ ਵੱਡੀ ਕੁਤਾਹੀ ਲਈ ਵੀ ਜ਼ਿੰਮੇਵਾਰ ਹਨ।ਉਹਨਾਂ ਕਿਹਾ ਕਿ ਜਿਸ ਤਰੀਕੇ ਸਾਬਕਾ ਡੀ ਜੀ ਪੀ ਨੇ ਭਗੌੜਿਆਂ ਅਤੇ ਘਿਨੌਣੇ ਅਪਰਾਧਾਂ ਵਿਚ ਸ਼ਾਮਲ ਪੁਲਿਸ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ ਤੇ ਲੋਕਾਂ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਰੱਖਿਆ ਤੇ ਝੂਠੇ ਮੁਕਾਬਲੇ ਕੀਤੇ, ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ।