ਮੁਨੀਸ਼ ਗਰਗ (ਬਠਿੰਡਾ, 10 ਅਪ੍ਰੈਲ): ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪਿਛਲੇ ਕਈ ਦਿਨਾਂ ਤੋਂ ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਅੰਮ੍ਰਿਤਪਾਲ ਸਿੰਘ ਵੱਲੋ ਆਤਮ ਸਮਰਪਣ ਕਰਨ ਦੀਆਂ ਚਰਚਾਵਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤੇ ਪੈਰਾ-ਮਿਲਟਰੀ ਫੋਰਸ ਲਗਾਉਣ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ’ਤੇ ਡੀਜੀਪੀ ਪੰਜਾਬ ਗੌਰਵ ਯਾਦਵ ਪਹੁੰਚੇ। ਜਿਨ੍ਹਾਂ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ, ਡੀਜੀਪੀ ਪੰਜਾਬ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਗਈ। ਡੀਜੀਪੀ ਪੰਜਾਬ ਨੇ ਕਿਹਾ ਕਿ ਉਨ੍ਹਾਂ ਵੱਲੋਂ ਖਾਲਸੇ ਦੀ ਸਾਜਨਾ ਦਿਵਸ ਵਿਸਾਖੀ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਡੀਜੀਪੀ ਨੇ ਕਿਹਾ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਾ ਹੈ ਪਰ ਭਾਰਤ ਦੇ ਬਾਹਰ ਬੈਠਿਆਂ ਕੁਝ ਸ਼ਕਤੀਆਂ ਅਤੇ ਏਜੰਸੀਆਂ ਪਾਕਿਸਤਾਨ ਦੀ ਆਈਐੌਸਆਈ ਦੀ ਕੋਸ਼ਿਸ਼ ਹੈ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕੀਤਾ ਜਾਵੇ ਪਰ ਪੰਜਾਬ ਪੁਲਿਸ ਇਸਦਾ ਮੂੰਹ ਤੋੜ ਜਵਾਬ ਦੇਣ ਲਈ ਹਰ ਵਕਤ ਤਿਆਰ ਹੈ। ਡੀਜੀਪੀ ਯਾਦਵ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਕਾਨੂੰਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਾਲਾਤ ਸੁਖਾਵੇਂ ਹਨ। ਤਖ਼ਤ ਸਾਹਿਬਾਨਾਂ ’ਤੇ ਜ਼ਿਆਦਾ ਫੌਰਸ ਲੱਗੇ ਹੋਣ ’ਤੇ ਡੀਜੀਪੀ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪੰਜਾਬ ਵਿਚ ਅਮਨ ਕਾਨੂੰਨ ਬਹਾਲ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ ਤਖ਼ਤ ਸਹਿਬਾਨਾਂ ’ਤੇ ਸੰਗਤਾਂ ਦਾ ਜਿਆਦਾ ਇਕੱਠ ਹੁੰਦਾ ਹੈ ਇਸ ਕਰਕੇ ਇੱਥੇ ਜ਼ਿਆਦਾ ਫੋਰਸ ਲਗਾਈ ਜਾਂਦੀ ਹੈ। ਡੀਜੀਪੀ ਨੇ ਕਿਹਾ ਕਿ ਕੋਈ ਵੀ ਭਗੌੜਾ ਵਿਅਕਤੀ ਆਉਂਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਅਸਥਾਨ ਅਤੇ ਧਰਮ ਗ੍ਰੰਥਾਂ ਦਾ ਦੁਰਉਪਯੋਗ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦਾ ਕੰਮ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ। ਇਹ ਵੀ ਪੜ੍ਹੋ: Amritpal Aide Papalpreet Singh Arrested: ਫ਼ਰਾਰ ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਗ੍ਰਿਫ਼ਤਾਰ, ਪੰਜਾਬ ਸਰਕਾਰ ਨੇ ਕੀਤੀ ਪੁਸ਼ਟੀ