ਅੰਮ੍ਰਿਤਸਰ, 15 ਫਰਵਰੀ (ਮਨਿੰਦਰ ਸਿੰਘ ਮੋਂਗਾ): ਬੰਦੀ ਸਿੰਘਾਂ ਦੀ ਰਿਹਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਅਤੇ ਹੋਰ ਮੰਗਾ ਨੂੰ ਲੈ ਕੇ ਚੰਡੀਗੜ੍ਹ ਵਿਖੇ ਲੱਗੇ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਪਿਛਲੇ 32 ਸਾਲਾ ਤੋਂ ਜੇਲ੍ਹ ਕੱਟ ਰਹੇ ਭਾਈ ਗੁਰਦੀਪ ਸਿੰਘ ਖੈੜਾ ਨਾਲ ਉਨ੍ਹਾਂ ਦੇ ਘਰ ਜਾਕੇ ਮੁਲਾਕਾਤ ਕੀਤੀ। ਇਸ ਮੌਕੇ 'ਤੇ ਭਾਈ ਖੈੜਾ ਦੀ ਧਰਮ ਪਤਨੀ ਗੁਰਜੀਤ ਕੌਰ ਵੀ ਹਾਜ਼ਰ ਸੀ। ਅੱਠ ਹਫ਼ਤਿਆਂ ਦੀ ਛੁੱਟੀ 'ਤੇ ਆਏ ਭਾਈ ਖੈੜਾ ਨੇ ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਪੰਜਾ ਸਿੰਘਾਂ ਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਝੰਝੀਅ ਨੂੰ ਦੱਸਿਆ ਕਿ ਉਹ ਕੌਮੀ ਇਨਸਾਫ਼ ਮੋਰਚੇ ਦੀ ਪੁਰਨ ਹਿਮਾਇਤ ਕਰਦੇ ਹਨ ਅਤੇ ਇਸਦੀ ਸਫਲਤਾ ਲਈ ਗੁਰੂ ਅੱਗੇ ਅਰਦਾਸ ਵੀ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮੂਹ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ, ਦੀ ਰਿਹਾਈ ਬਿਨਾ ਦੇਰੀ ਦੇ ਹੋਣੀ ਚਾਹੀਦੀ ਹੈ। ਦੇਸ਼ ਵਿਦੇਸ਼ ਵਿੱਚ ਬੰਦੀ ਸਿੰਘਾ ਦੀ ਰਿਹਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਬੀਤੀ ਦਿਨੀਂ ਭਾਈ ਖੇੜਾ ਵੱਲੋਂ ਕੌਮੀ ਇਨਸਾਫ ਮੋਰਚੇ ਦੇ ਕੰਮ ਕਾਰ 'ਤੇ ਸਵਾਲ ਚੁੱਕੇ ਗਏ ਸਨ। ਉਨ੍ਹਾਂ ਮੋਰਚੇ 'ਚ ਸ਼ਮੂਲੀਅਤ ਕਰਨ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ 'ਤੇ ਹਮਲੇ ਦੀ ਵੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਮੋਰਚੇ ਦਾ ਕੋਈ ਵੀ ਆਗੂ ਪੈਰੋਲ ਮਿਲਣ ਮਗਰੋਂ ਹੁਣ ਤੱਕ ਮਿਲਣ ਨਹੀਂ ਪਹੁੰਚਿਆ ਹੈ। ਜਿਸ ਤੋਂ ਬਾਅਦ ਹੀ ਕੌਮੀ ਇਨਸਾਫ਼ ਮੋਰਚੇ ਦੇ ਵਫ਼ਦ ਨੇ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨਾਲ ਮੁਲਾਕਾਤ ਕੀਤੀ ਅਤੇ ਭਾਈ ਖੇੜਾ ਨੇ ਮੋਰਚੇ ਦਾ ਸਮਰਥਨ ਕੀਤਾ।ਭਾਈ ਖੈੜਾ ਨੇ ਪੰਥਕ ਏਕਤਾ ਦੀ ਅਵਾਜ ਬੁਲੰਦ ਕਰਦਿਆਂ ਕਿਹਾ ਕਿ ਸਮੂਹ ਪੰਥਕ ਧਿਰਾਂ ਨੂੰ ਆਪਣੇ ਮਤਭੇਦ ਭੁਲਾ ਕੇ ਇਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਹੈ। ਮੋਰਚੇ ਦੀ ਸਫਲਤਾ ਲਈ ਭਾਈ ਖੈੜਾ ਨੇ ਨੌਜਵਾਨਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਲਈ ਅਪੀਲ ਕੀਤੀ। ਉਨ੍ਹਾਂ ਨੇ ਵਫ਼ਦ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਕਈ ਸਾਲਾ ਤੋਂ ਜਦ ਵੀ ਉਹ ਛੁੱਟੀ 'ਤੇ ਆਉਂਦੇ ਹਨ ਤਾਂ ਇਹ ਸਾਰੇ ਉਨ੍ਹਾਂ ਨੂੰ ਮਿਲਦੇ ਹਨ।