Snowfall in Himachal: ਹਿਮਾਚਲ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਕਾਰਨ ਇੱਕ ਵਾਰ ਫਿਰ ਤੋਂ ਮੀਂਹ ਅਤੇ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਸ਼ਿਮਲਾ ਸਮੇਤ ਹਿਮਾਚਲ ਦੇ ਸਾਰੇ ਉੱਚਾਈ ਵਾਲੇ ਇਲਾਕਿਆਂ 'ਚ ਬੀਤੀ ਰਾਤ ਤੋਂ ਰੁਕ-ਰੁਕ ਕੇ ਬਰਫਬਾਰੀ ਅਤੇ ਹੋਰ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ, ਜਿਸ ਨਾਲ ਸੀਤ ਲਹਿਰ ਦਾ ਪ੍ਰਕੋਪ ਵਧ ਗਿਆ ਹੈ। ਭਾਰੀ ਬਰਫਬਾਰੀ ਕਾਰਨ ਸ਼ਿਮਲਾ ਜ਼ਿਲੇ ਦੇ ਉਪਰਲੇ ਇਲਾਕਿਆਂ ਨੂੰ ਜਾਣ ਵਾਲੀਆਂ 64 ਸੜਕਾਂ ਬੰਦ ਹੋ ਗਈਆਂ ਹਨ।ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੂਬੇ ਵਿੱਚ ਤਿੰਨ ਕੌਮੀ ਮਾਰਗਾਂ ਸਮੇਤ 275 ਸੜਕਾਂ ਜਾਮ ਹਨ। ਜਦਕਿ ਮੀਡੀਆ ਮੁਤਾਬਿਕ ਲਾਹੌਲ-ਸਪਿਤੀ ਜ਼ਿਲੇ 'ਚ ਸਭ ਤੋਂ ਵੱਧ 177 ਸੜਕਾਂ 'ਤੇ ਆਵਾਜਾਈ ਬੰਦ ਹੈ। ਚੰਬਾ ਜ਼ਿਲ੍ਹੇ ਵਿੱਚ 5, ਕਿਨੌਰ ਵਿੱਚ 9, ਕਾਂਗੜਾ ਵਿੱਚ 2, ਕੁੱਲੂ ਵਿੱਚ 3, ਮੰਡੀ ਵਿੱਚ 13 ਅਤੇ ਸ਼ਿਮਲਾ ਵਿੱਚ 64 ਸੜਕਾਂ ਜਾਮ ਕੀਤੀਆਂ ਗਈਆਂ।ਮਨਾਲੀ ਵਿੱਚ ਹੁਣ ਤੱਕ ਇੱਕ ਇੰਚ ਬਰਫ਼ ਪਈ ਹੈ। ਅਟਲ ਸੁਰੰਗ ਰੋਹਤਾਂਗ ਵਿੱਚ ਇੱਕ ਫੁੱਟ ਅਤੇ ਸੋਲੰਗਨਾਲਾ ਵਿੱਚ 10 ਇੰਚ ਤੱਕ ਬਰਫ਼ਬਾਰੀ ਹੋਈ ਹੈ। ਮਨਾਲੀ-ਲੇਹ NH-003 'ਤੇ ਬਰਫਬਾਰੀ ਕਾਰਨ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਦਰਾਚਾ-ਸ਼ਿੰਕੂਲਾ ਸੜਕ ਵੀ ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ। ਪਾਂਗੀ ਕਿਲਾੜ ਹਾਈਵੇਅ-26 ਹਰ ਤਰ੍ਹਾਂ ਦੇ ਵਾਹਨਾਂ ਲਈ ਬੰਦ ਹੈ। ਕਾਜ਼ਾ ਸੜਕ NH-505 ਗ੍ਰਾਫੂ ਤੋਂ ਬੰਦ ਹੈ। ਸੁਮਦੋ ਤੋਂ ਲੋਸਰ ਚਾਰ ਪਹੀਆ ਵਾਹਨਾਂ ਲਈ ਖੁੱਲ੍ਹਾ ਹੈ।ਇਸ ਸਬੰਧੀ ਸ਼ਿਮਲਾ ਪੁਲਿਸ ਨੇ ਆਪਣੇ ਫੇਸਬੁੱਕ ਪੇਜ 'ਤੇ ਜਾਣਕਾਰੀ ਦਿੱਤੀ ਹੈ ਕਿ ਨਾਰਕੰਡਾ 'ਚ ਰਾਮਪੁਰ-ਸ਼ਿਮਲਾ ਰਾਸ਼ਟਰੀ ਰਾਜਮਾਰਗ ਸਵੇਰ ਤੋਂ ਹੀ ਜਾਮ ਹੈ। ਇਸੇ ਤਰ੍ਹਾਂ ਸ਼ਿਮਲਾ-ਚੌਪਾਲ ਸੜਕ ਦੀ ਖਿੜਕੀ, ਸ਼ਿਮਲਾ-ਰੋਹੜੂ ਸੜਕ ਖੱਡਪੱਥਰ ਨੇੜੇ ਬੰਦ ਹੈ। ਚੌਪਾਲ 'ਚ ਕਰੀਬ 3 ਤੋਂ 4 ਇੰਚ ਤੱਕ ਬਰਫ ਪਈ ਹੈ। ਇਸੇ ਤਰ੍ਹਾਂ ਨਾਰਕੰਡਾ 'ਚ ਕਰੀਬ 5 ਇੰਚ ਤੱਕ ਬਰਫਬਾਰੀ ਹੋਈ ਹੈ। ਇਨ੍ਹਾਂ ਇਲਾਕਿਆਂ 'ਚ ਬਰਫਬਾਰੀ ਅਜੇ ਵੀ ਜਾਰੀ ਹੈ।ਉੱਥੇ ਹੀ ਦੂਜੇ ਪਾਸੇ ਬਰਫਬਾਰੀ ਕਾਰਨ ਸੈਲਾਨੀਆਂ 'ਚ ਖੁਸ਼ੀ ਦੀ ਲਹਿਰ ਹੈ। ਸ਼ਿਮਲਾ ਦੇ ਸੈਰ-ਸਪਾਟਾ ਸਥਾਨਾਂ 'ਤੇ ਬਰਫਬਾਰੀ ਦੌਰਾਨ ਸੈਲਾਨੀ ਮਸਤੀ ਕਰਦੇ ਦੇਖੇ ਗਏ। ਸ਼ਿਮਲਾ ਪਹੁੰਚਣ ਵਾਲੇ ਸੈਲਾਨੀ ਲੰਬੇ ਸਮੇਂ ਤੋਂ ਬਰਫਬਾਰੀ ਦਾ ਇੰਤਜ਼ਾਰ ਕਰ ਰਹੇ ਸੀ। ਖਾਸ ਤੌਰ 'ਤੇ ਜੇਕਰ ਸ਼ਿਮਲਾ ਸ਼ਹਿਰ ਦੀ ਗੱਲ ਕਰੀਏ ਤਾਂ ਪਹਿਲਾਂ ਇੱਥੇ ਬਰਫਬਾਰੀ ਨਾ ਹੋਣ ਕਾਰਨ ਸੈਲਾਨੀਆਂ ਨੂੰ ਨਿਰਾਸ਼ਾ ਹੋਈ ਸੀ।ਇਹ ਵੀ ਪੜ੍ਹੋ:ਪੰਜਾਬ ’ਚ ਆਉਣ ਵਾਲੇ ਦਿਨਾਂ ’ਚ ਮੀਂਹ ਨਾਲ ਹੋਵੇਗੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ