Electricity rate in Punjab: ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਿੱਤੀ ਸਾਲ 2023-24 ਲਈ ਨਵੀਆਂ ਦਰਾਂ ਤੈਅ ਕੀਤੀਆਂ ਹਨ, ਜਿਸ ਕਾਰਨ ਹੁਣ ਖਪਤਕਾਰਾਂ ਨੂੰ 1 ਰੁਪਏ ਪ੍ਰਤੀ ਯੂਨਿਟ ਦਾ ਵਾਧੂ ਬੋਝ ਝੱਲਣਾ ਪਵੇਗਾ। ਇਹ ਵਧੀਆਂ ਹੋਈਆਂ ਦਰਾਂ 16 ਮਈ ਤੋਂ ਲਾਗੂ ਹੋਣਗੀਆਂ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ 600 ਯੂਨਿਟ ਮੁਫਤ ਦੇਣ ਦੀ ਯੋਜਨਾ 'ਤੇ ਕੋਈ ਅਸਰ ਨਹੀਂ ਪਵੇਗਾ। ਸਭ ਤੋਂ ਛੋਟੇ ਘਰੇਲੂ ਖਪਤਕਾਰਾਂ ਲਈ ਜਿੱਥੇ ਪਹਿਲਾਂ ਬਿਜਲੀ ਖਪਤ ਚਾਰਜ 3.49 ਰੁਪਏ ਪ੍ਰਤੀ ਯੂਨਿਟ ਸੀ, ਹੁਣ ਇਸ ਨੂੰ ਵਧਾ ਕੇ 4.49 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ, ਜਦਕਿ ਵੱਡੇ ਘਰੇਲੂ ਖਪਤਕਾਰਾਂ ਲਈ ਇਹ 6.63 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.96 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੈਰ-ਰਿਹਾਇਸ਼ੀ ਛੋਟੇ ਖਪਤਕਾਰਾਂ ਲਈ ਸਿਰਫ ਫਿਕਸਡ ਚਾਰਜਿਜ਼ ਵਧਾਏ ਗਏ ਹਨ, ਜਦਕਿ ਖਪਤਕਾਰਾਂ ਦੀਆਂ ਦਰਾਂ ਪਹਿਲਾਂ ਵਾਂਗ ਹੀ ਰੱਖੀਆਂ ਗਈਆਂ ਹਨ। ਹਾਲਾਂਕਿ 20 ਕਿਲੋਵਾਟ ਤੋਂ ਵੱਧ ਦੀ ਖਪਤ ਵਾਲੇ ਗੈਰ-ਰਿਹਾਇਸ਼ੀ ਵਰਤੋਂ ਲਈ ਫਿਕਸਡ ਚਾਰਜ ਦੇ ਨਾਲ ਖਪਤਕਾਰ ਦਰਾਂ ਨੂੰ ਵੀ 6.35 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.75 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ।ਛੋਟੇ ਉਦਯੋਗਾਂ ਲਈ ਇਸ ਨੂੰ 5.37 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.67 ਰੁਪਏ ਪ੍ਰਤੀ ਯੂਨਿਟ ਕਰ ਦਿੱਤਾ ਗਿਆ ਹੈ। 20 ਕਿਲੋਵਾਟ ਤੋਂ 100 ਕਿਲੋਵਾਟ ਤੱਕ ਦਰਮਿਆਨੀ ਸਪਲਾਈ ਵਾਲੇ ਖਪਤਕਾਰਾਂ ਲਈ ਇਹ ਦਰ 5.80 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 6.10 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਉਦਯੋਗਿਕ ਖਪਤਕਾਰਾਂ ਨੂੰ ਰਾਤ ਨੂੰ ਮਿਲਣ ਵਾਲੀ ਬਿਜਲੀ ਦੀ ਦਰ 4.86 ਰੁਪਏ ਪ੍ਰਤੀ ਯੂਨਿਟ ਤੋਂ ਵਧਾ ਕੇ 5.24 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। ਵੱਡੀ ਸਪਲਾਈ ਵਾਲੇ ਖਪਤਕਾਰਾਂ ਲਈ 100-1000 ਯੂਨਿਟਾਂ ਤੱਕ ਦੇ ਆਮ ਵਰਗ ਲਈ 6.05 ਰੁਪਏ ਤੋਂ 6.45 ਰੁਪਏ ਪ੍ਰਤੀ ਯੂਨਿਟ ਜਦਕਿ 1000 ਤੋਂ 2500 ਯੂਨਿਟਾਂ ਲਈ 6.15 ਤੋਂ ਵਧਾ ਕੇ 6.55 ਰੁਪਏ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2500 ਤੋਂ ਵੱਧ ਯੂਨਿਟਾਂ ਵਾਲੇ ਖਪਤਕਾਰਾਂ ਲਈ ਇਸ ਨੂੰ 6.27 ਤੋਂ ਵਧਾ ਕੇ 6.67 ਕਰ ਦਿੱਤਾ ਗਿਆ ਹੈ। ਪੀਆਈਯੂ ਉਦਯੋਗ ਲਈ ਦਰਾਂ 6.09 ਤੋਂ 6.49, 6.40 ਤੋਂ 6.80 ਅਤੇ 6.49 ਤੋਂ 6.89 ਪ੍ਰਤੀ ਯੂਨਿਟ ਕੀਤੀਆਂ ਗਈਆਂ ਹਨ। ਸੀ.ਐਮ.ਭਗਵੰਤ ਮਾਨ ਨੇ ਕਿਹਾ ਕਿ ਬਿਜਲੀ ਦਰਾਂ 'ਚ ਵਾਧੇ ਦਾ ਖਰਚਾ ਪੰਜਾਬ ਸਰਕਾਰ ਨੂੰ ਚੁੱਕੇਗ। ਇਸ ਨਾਲ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ 600 ਯੂਨਿਟ ਸਕੀਮ ਦਾ ਇੱਕ ਵੀ ਮੀਟਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਸਬੰਧੀ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।