ਲੁਧਿਆਣਾ: ਉੱਤਰ ਭਾਰਤ 'ਚ ਝੋਨੇ ਦੀ ਕਟਾਈ ਦੇ ਸੀਜ਼ਨ ਅਤੇ ਤਿਉਹਾਰਾਂ ਦੇ ਸੀਜ਼ਨ ਹੋਣ ਕਰਕੇ ਲਗਾਤਾਰ ਮੌਸਮ ਦੇ ਵਿੱਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਇੱਕ ਪਾਸੇ ਜਿੱਥੇ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਪਹੁੰਚ ਗਿਆ ਹੈ। ਉੱਥੇ ਹੀ ਪੰਜਾਬ ਦੇ ਵਿੱਚ ਵੀ ਕਈ ਸ਼ਹਿਰਾਂ ਦੇ ਅੰਦਰ ਏਅਰ ਕੁਆਲਿਟੀ ਇੰਡੈਕਸ 150 ਦੇ ਨੇੜੇ ਚੱਲ ਰਿਹਾ ਹੈ। ਖ਼ਾਸ ਕਰਕੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ 150 ਰਿਹਾ ਹੈ, ਜਿਸ ਕਰਕੇ ਸ਼ਹਿਰ ਦੀ ਆਬੋ ਹਵਾ ਖ਼ਰਾਬ ਹੋ ਚੁੱਕੀ ਹੈ। ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੌਸਮ ਵਿਗਿਆਨੀ ਕੁਲਵਿੰਦਰ ਕੌਰ ਗਿੱਲ ਦਾ ਕਹਿਣਾ, ਜਿਵੇਂ ਅਸੀਂ ਚੈੱਕ ਕਰ ਰਹੇ ਹਾਂ ਤਾਂ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ 150 ਵੇਖਿਆ ਜਾ ਰਿਹਾ ਹੈ। 100 ਤੋਂ ਉੱਤੇ ਇਸਨੂੰ ਖ਼ਤਰਨਾਕ ਕਿਹਾ ਜਾਂਦਾ ਹੈ ਅਤੇ ਜੇਕਰ ਇਹ 150-200 ਪਹੁੰਚ ਜਾਵੇ ਤਾਂ ਇਹ ਬਹੁਤ ਹੀ ਖ਼ਤਰਨਾਕ ਹੋ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਕਿ ਪਰਾਲੀ ਸਾੜਨ ਅਤੇ ਤਿਓਹਾਰ ਦਾ ਸੀਜ਼ਨ ਆਉਣ ਕਰਕੇ ਲੋਕਾਂ ਨੇ ਪਟਾਖੇ ਵੀ ਚਲਾਉਣੇ ਸ਼ੁਰੂ ਕਰ ਦਿੱਤੇ ਨੇ, ਸੋ ਇਸ ਨਾਲ ਮੌਸਮ 'ਤੇ ਲਗਾਤਾਰ ਫਰਕ ਪੈਂਦਾ ਅਤੇ ਜੇਕਰ ਆਉਣ ਵਾਲੇ ਸਮੇਂ ਤੱਕ ਬੱਦਲਵਾਈ ਵਾਲਾ ਮੌਸਮ ਬਣ ਜਾਵੇਗਾ ਤਾਂ ਇਹ ਹੋਰ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿਉਂਕਿ ਜਿਹੜੀਆਂ ਰੇਡੀਏਸ਼ਨ ਬਾਹਰ ਪੁਲਾੜ 'ਚ ਜਾਣੀਆਂ ਹੁੰਦੀਆਂ ਉਹ ਬੱਦਲਵਾਈ ਕਰਕੇ ਇੱਥੇ ਹੀ ਫੱਸ ਕੇ ਰਹਿ ਜਾਂਦੀਆਂ। ਜਿਸ ਨਾਲ ਡਸਟ ਪਾਰਟੀਕਲਸ ਹਵਾ ਦੇ ਵਿੱਚ ਜਾਣ ਦੇ ਜਿਆਦਾ ਚਾਂਸ ਬਣ ਜਾਣਗੇ ਅਤੇ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਵੇਗਾ। ਮੌਸਮ ਵਿਗਿਆਨੀ ਨੇ ਅੱਗੇ ਕਿਹਾ, ਬਾਰਿਸ਼ ਦੇ ਨਾਲ ਮੌਸਮ ਸਾਫ ਹੋ ਜਾਂਦਾ ਹੈ। ਪਰ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਜੋ ਇਜ਼ਾਫਾ ਹੋ ਰਿਹਾ ਹੈ, ਉਹ ਸਿਹਤ ਲਈ ਸਹੀ ਨਹੀਂ ਹੈ, ਉਹਨਾਂ ਕਿਹਾ ਹਾਲਾਂਕਿ ਟੈਂਪਰੇਚਰ ਆਮ ਨਾਲੋਂ ਦੋ ਡਿਗਰੀ ਘੱਟ ਹੀ ਚੱਲ ਰਿਹਾ ਹੈ। ਕੁਲਵਿੰਦਰ ਕੌਰ ਗਿੱਲ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਜ਼ਿੰਮੇਵਾਰੀ ਨਾਲ ਤਿਓਹਾਰ ਮਨਾਉਣ ਦੀ ਗੱਲ ਆਖੀ ਹੈ, ਉੱਥੇ ਹੀ ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਨਵੇਂ ਤਰੀਕਿਆਂ ਨਾਲ ਪਰਾਲੀ ਨਾਲ ਨਿਜਿੱਠਣ ਦੀ ਗੱਲ ਕਹੀ ਹੈ ਅਤੇ ਪੁਰਾਣੇ ਪਰਾਲੀ ਸਾੜਨ ਵਾਲੇ ਤਰੀਕੇ ਤੋਂ ਗੁਰੇਜ਼ ਕਰਨ ਦੀ ਗੱਲ ਆਖੀ ਹੈ। ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਅਕਤੂਬਰ ਦੇ ਮਹੀਨੇ ਵਿੱਚ ਵਿਗੜ ਗਈ ਹੈ। ਜਿੱਥੇ ਹਵਾ ਦੀ ਗੁਣਵੱਤਾ ਨੂੰ 'ਬਹੁਤ ਮਾੜੀ' ਸ਼੍ਰੇਣੀ ਵਿੱਚ ਦਰਜ ਕੀਤਾ, ਜੋ ਕਿ ਖੇਤਰ ਵਿੱਚ ਸਾਹ ਸੰਬੰਧੀ ਸਿਹਤ ਐਮਰਜੈਂਸੀ ਨੂੰ ਦਰਸਾਉਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਅੰਕੜਿਆਂ ਅਨੁਸਾਰ, ਗ੍ਰੇਟਰ ਨੋਇਡਾ, ਦਿੱਲੀ, ਫਰੀਦਾਬਾਦ ਅਤੇ ਮੁਜ਼ੱਫਰਨਗਰ ਸਰਦੀਆਂ ਦੇ ਮੌਸਮ ਦੇ ਆਗਮਨ ਅਤੇ ਕਿਸਾਨਾਂ ਦੁਆਰਾ ਪਰਾਲੀ ਸਾੜਨ ਦੇ ਵਿਚਕਾਰ ਭਾਰਤ ਵਿੱਚ ਸਭ ਤੋਂ ਖਰਾਬ ਹਵਾ ਦੀ ਗੁਣਵੱਤਾ ਵਾਲੇ ਸ਼ਹਿਰਾਂ ਵਿੱਚੋਂ ਹਨ।