Health News: ਦਿਨੋ-ਦਿਨ ਵੱਧਦਾ ਹਵਾ ਪ੍ਰਦੂਸ਼ਣ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਹਵਾ ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਲੋਕਾਂ ਨੂੰ ਐਲਰਜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਮੇ ਅਤੇ ਬ੍ਰੌਨਕਾਈਟਸ ਵਰਗੇ ਮਰੀਜ਼ਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਪ੍ਰਦੂਸ਼ਣ ਕਾਰਨ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ ਪਰ ਹੁਣ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਪ੍ਰਦੂਸ਼ਣ ਕਾਰਨ ਸ਼ੂਗਰ ਦਾ ਖ਼ਤਰਾ ਵੀ ਵੱਧ ਰਿਹਾ ਹੈ।ਦਿੱਲੀ ਅਤੇ ਚੇਨਈ ਵਿੱਚ ਕੀਤੀ ਗਈ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਵਧਦੇ ਹਵਾ ਪ੍ਰਦੂਸ਼ਣ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੱਧ ਰਿਹਾ ਹੈ। ਇਹ ਖੋਜ ਬੀਐਮਜੇ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।ਖੋਜ ਵਿੱਚ ਕਿਹਾ ਗਿਆ ਹੈ ਕਿ ਹਵਾ ਵਿੱਚ ਮੌਜੂਦ ਪੀਐਮ 2.5 ਦਾ ਵਧਿਆ ਪੱਧਰ ਸਰੀਰ ਵਿੱਚ ਸ਼ੂਗਰ ਲੈਵਲ ਨੂੰ ਵਧਾ ਰਿਹਾ ਹੈ। ਇਹ ਖੋਜ ਸਾਲ 2010 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਪਹਿਲੀ ਖੋਜ ਹੈ ਜਿਸ ਵਿੱਚ ਪ੍ਰਦੂਸ਼ਣ ਅਤੇ ਸ਼ੂਗਰ ਦੇ ਵਿੱਚ ਸਬੰਧ ਪਾਇਆ ਗਿਆ ਹੈ। ਚਿੰਤਾ ਦੀ ਗੱਲ ਹੈ ਕਿ ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ 10 ਕਰੋੜ ਤੋਂ ਵੱਧ ਹੈ। ਅਜਿਹੇ ‘ਚ ਵਧਦਾ ਹਵਾ ਪ੍ਰਦੂਸ਼ਣ ਇਸ ਬੀਮਾਰੀ ਦਾ ਘੇਰਾ ਤੇਜ਼ੀ ਨਾਲ ਵਧਾ ਸਕਦਾ ਹੈ।ਇਸ ਅਧਿਐਨ ਵਿੱਚ 12 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਸਨ। ਖੋਜ ਦੌਰਾਨ ਉਨ੍ਹਾਂ ਦੇ ਸਰੀਰ ਵਿਚ ਬਲੱਡ ਸ਼ੂਗਰ ਲੈਵਲ ਦੀ ਜਾਂਚ ਕੀਤੀ ਗਈ। ਇਸ ਦੌਰਾਨ ਖੋਜਕਰਤਾਵਾਂ ਨੇ ਉਨ੍ਹਾਂ ਦੇ ਸਰੀਰ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਵੀ ਜਾਂਚ ਕੀਤੀ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਦੇ ਸਰੀਰ ‘ਚ ਪ੍ਰਦੂਸ਼ਣ ਦੀ ਮਾਤਰਾ ਜ਼ਿਆਦਾ ਸੀ ਜਾਂ ਜਿਸ ਸਮੇਂ ਵਾਤਾਵਰਨ ‘ਚ ਪ੍ਰਦੂਸ਼ਣ ਵਧ ਗਿਆ ਸੀ, ਉਨ੍ਹਾਂ ਦੇ ਸਰੀਰ ‘ਚ ਬਲੱਡ ਸ਼ੂਗਰ ਦਾ ਪੱਧਰ ਵੀ ਜ਼ਿਆਦਾ ਸੀ। ਜਿਹੜੇ ਲੋਕ ਲੰਬੇ ਸਮੇਂ ਤੱਕ ਪ੍ਰਦੂਸ਼ਿਤ ਖੇਤਰਾਂ ਵਿੱਚ ਰਹਿੰਦੇ ਸਨ, ਉਨ੍ਹਾਂ ਦੇ ਸਰੀਰ ਵਿੱਚ ਸ਼ੂਗਰ ਦਾ ਪੱਧਰ ਵਧਣ ਦਾ ਖ਼ਤਰਾ 20 ਤੋਂ 22 ਪ੍ਰਤੀਸ਼ਤ ਵੱਧ ਹੁੰਦਾ ਹੈ।