ਅਕਾਲੀ ਦਲ ਵੱਲੋਂ ਬਰਨਾਲਾ ਦੀ ਪੀੜਤ ਲੜਕੀ ਨੂੰ ਬਦਨਾਮ ਕਰਨ ਲਈ ਸੁਖਪਾਲ ਖਹਿਰਾ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ
Sukhpal khaira statement on woman SAD leader harassment: ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਇੱਕ ਉੱਚੀ ਪੜ•ਾਈ ਹਾਸਲ ਕਰ ਰਹੀ ਦਲਿਤ ਲੜਕੀ ਦੇ ਚਰਿੱਤਰ ਉੱਤੇ ਦੋਸ਼ ਲਾਉਣਾ ਬਰਦਾਸ਼ਤਯੋਗ ਨਹੀਂ।
ਕਿਹਾ ਕਿ ਐਸਸੀ ਕਮਿਸ਼ਨ ਨੂੰ ਖਹਿਰਾ ਖ਼ਿਲਾਫ ਐਸਸੀ ਐਕਟ ਤਹਿਤ ਮਾਮਲਾ ਦਰਜ ਕਰਨਾ ਚਾਹੀਦਾ ਹੈ
ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ 'ਚ ਕੁੱਟਮਾਰ ਦਾ ਸ਼ਿਕਾਰ ਹੋਈ ਲੜਕੀ ਜਸਵਿੰਦਰ ਕੌਰ ਦੇ ਚਰਿੱਤਰ ਉੱਤੇ ਚਿੱਕੜ ਉਛਾਲਣ ਲਈ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖਿਲਾਫ ਤੁਰੰਤ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਨਾ-ਬਰਦਾਸ਼ਤ ਕਰਨ ਯੋਗ ਗੱਲ ਹੈ ਕਿ ਆਪ ਆਗੂ ਇੱਕ ਅਜਿਹੀ ਲੜਕੀ ਦਾ ਅਪਮਾਨ ਕਰ ਰਿਹਾ ਹੈ, ਜਿਸ ਨੂੰ ਨਾ ਸਿਰਫ ਬੇਰਹਿਮੀ ਨਾਲ ਕੁੱਟਿਆ ਗਿਆ, ਕੁੱਟਮਾਰ ਕਰਨ ਵਾਲਿਆਂ ਵੱਲੋਂ ਸਗੋਂ ਇਸ ਹੌਲਨਾਕ ਘਟਨਾ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਵੀ ਸਾਂਝਾ ਕੀਤਾ ਗਿਆ। ਉਹਨਾਂ ਕਿਹਾ ਕਿ ਖਹਿਰਾ ਦੇ ਇਸ ਅਣਮਨੁੱਖੀ ਵਤੀਰੇ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਸ ਖਿਲਾਫ ਕਾਨੂੰਨ ਮੁਤਾਬਿਕ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਕਿਸੇ ਨੂੰ ਇਹ ਹੱਕ ਨਹੀਂ ਹੈ ਕਿ ਉਹ ਕਿਸੇ ਔਰਤ ਨੂੰ ਮਾੜੇ ਚਰਿੱਤਰ ਵਾਲੀ ਅਤੇ ਬਲੈਕਮੇਲ ਕਰਨ ਵਾਲੀ ਕਹਿ ਕੇ ਬਦਨਾਮ ਕਰੇ।
ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਖਹਿਰਾ ਨੇ ਇੱਕ ਅਜਿਹੀ ਦਲਿਤ ਲੜਕੀ ਉੱਤੇ ਚਿੱਕੜ ਸੁੱਟਿਆ ਹੈ, ਜਿਹੜੀ ਉੱਚੀ-ਪੜ•ਾਈ ਹਾਸਿਲ ਕਰ ਰਹੀ ਹੈ। ਉਹਨਾਂ ਕਿਹਾ ਕਿ ਅਣਵਿਆਹੁਤਾ ਜਸਵਿੰਦਰ ਸਰੀਰਕ ਸਿੱਖਿਆ ਵਿਸ਼ੇ ਵਿਚ ਐਮ ਏ ਕਰ ਚੁੱਕੀ ਹੈ ਅਤੇ ਮੌਜੂਦਾ ਸਮੇਂ ਪੀਐਚਡੀ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਪਹਿਲਾਂ ਬਾਸਕਟਬਾਲ ਖੇਡਦੀ ਹੁੰਦੀ ਸੀ। ਅਨੁਸੂਚਿਤ ਜਾਤੀਆਂ ਦੇ ਕੌਮੀ ਕਮਿਸ਼ਨ ਵੱਲੋਂ ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਖਹਿਰਾ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਕਮਿਸ਼ਨ ਵੱਲੋ ਸੂਬਾ ਪੁਲਿਸ ਨੂੰ ਐਸਸੀ ਐਕਟ ਤਹਿਤ ਆਪ ਆਗੂ ਖ਼ਿਲਾਫ ਇੱਕ ਵੱਖਰਾ ਕੇਸ ਦਰਜ ਕਰਨ ਦਾ ਨਿਰਦੇਸ਼ ਦੇਣਾ ਚਾਹੀਦਾ ਹੈ।
ਇਸ ਮੌਕੇ ਅਕਾਲੀ ਦਲ ਦੇ ਆਗੂ ਨੇ ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਵੀ ਇਸ ਮੁੱਦੇ ਉੱਤੇ ਸਪੱਸ਼ਟੀਕਰਨ ਮੰਗਿਆ। ਉਹਨਾਂ ਕਿਹਾ ਕਿ ਕੀ ਕੇਜਰੀਵਾਲ ਚੁੱਪਚਾਪ ਬੈਠਾ ਸੁਖਪਾਲ ਖਹਿਰਾ ਨੂੰ ਇੱਕ ਪੜ•ੀ-ਲਿਖੀ ਦਲਿਤ ਲੜਕੀ ਨੂੰ ਚਰਿੱਤਰਹੀਣ ਕਹਿਣ ਦੀ ਆਗਿਆ ਦੇਵੇਗਾ? ਇਹ ਕੇਸ ਕੇਜਰੀਵਾਲ ਦਾ ਵੀ ਇੱਕ ਇਮਤਿਹਾਨ ਹੈ। ਹੁਣ ਦੇਖਣਾ ਇਹ ਹੈ ਕਿ ਕੀ ਉਹ ਖਹਿਰਾ ਵੱਲੋਂ ਇੱਕ ਦਲਿਤ ਲੜਕੀ ਦੇ ਕੀਤੇ ਅਪਮਾਨ ਪ੍ਰਤੀ ਸੰਵੇਦਨਸ਼ੀਲ ਹੈ ਜਾਂ ਫਿਰ ਅਜੇ ਵੀ ਉਹ ਦਲਿਤ ਮੁੱਦਿਆਂ ਉੱਤੇ ਸਿਰਫ ਜੁਮਲੇਬਾਜ਼ੀ ਕਰਨ ਵਿਚ ਹੀ ਵਿਸਵਾਸ਼ ਰੱਖਦਾ ਹੈ ਅਤੇ ਲੋੜ ਪੈਣ ਉੱਤੇ ਕੋਈ ਕਾਰਵਾਈ ਨਹੀਂ ਕਰਦਾ।
ਵਿਰੋਧੀ ਪਾਰਟੀ ਦੇ ਆਗੂ ਉੱਤੇ ਅਪਰਾਧਿਕ ਸੁਰ ਵਾਲੀ ਬਿਆਨਬਾਜ਼ੀ ਕਰਕੇ ਸਿਆਸਤ ਦਾ ਮਿਆਰ ਥੱਲੇ ਸੁੱਟਣ ਲਈ ਝਾੜ ਪਾਉਂਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਜਿਹੇ ਅਨੈਤਿਕ ਵਿਵਹਾਰ ਨੂੰ ਨੱਥ ਪਾਈ ਜਾਵੇ। ਉਹਨਾਂ ਕਿਹਾ ਕਿ ਸਿਆਸੀ ਬਿਆਨਬਾਜ਼ੀ ਦਾ ਮਿਆਰ ਨਿਰਧਾਰਿਤ ਕਰਨ ਲਈ ਸੁਖਪਾਲ ਖਹਿਰਾ ਖ਼ਿਲਾਫ ਫੈਸਲਾਕੁਨ ਕਾਰਵਾਈ ਹੋਣੀ ਚਾਹੀਦੀ ਹੈ।
—PTC News