ਚੰਡੀਗੜ੍ਹ 'ਚ ਇੱਕਤਰ ਹੋਏ 100 ਤੋਂ ਵੱਧ ਰਾਵਣ, ਹਨੂੰਮਾਨ ਕਲਾਕਾਰ 'ਤੇ ਪੁਲਿਸ ਕਾਰਵਾਈ ਦੀ ਮੰਗ
ਚੰਡੀਗੜ੍ਹ, 9 ਨਵੰਬਰ: ਸਿਟੀ ਬਿਊਟੀਫੁੱਲ ਦੇ ਸੈਕਟਰ 18 ਸਥਿਤ ਟੈਗੋਰ ਥੀਏਟਰ ਵਿੱਚ ਰਾਵਣ ਸੰਵਾਦ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਸੌਰਭ ਆਰਟਸ ਸੁਸਾਇਟੀ ਵੱਲੋਂ ਕਰਵਾਇਆ ਗਿਆ ਤੇ ਇਸ ਪ੍ਰੋਗਰਾਮ ਵਿੱਚ ਕਈ ਰਾਮਲੀਲਾ ਕਮੇਟੀਆਂ ਦੇ ਕਲਾਕਾਰ ਪਹੰਚੇ ਸਨ, ਜਿਸ ਵਿੱਚ ਬਹੁਗਿਣਤੀ 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰਾਂ ਵੱਲੋਂ ਭਾਗ ਲਿਆ ਗਿਆ।
ਪ੍ਰੋਗਰਾਮ 'ਚ ਰਾਵਣ ਦੀ ਭੂਮਿਕਾ ਨਿਭਾਉਣ ਵਾਲੇ 100 ਤੋਂ ਵੱਧ ਰਾਮਲੀਲਾ ਕਮੇਟੀ ਦੇ ਕਲਾਕਾਰਾਂ ਨੂੰ ਪ੍ਰੋਗਰਾਮ ਲਈ ਬੁਲਾਇਆ ਗਿਆ ਸੀ। ਟੈਗੋਰ ਥੀਏਟਰ ਵਿੱਚ ਲਾਈਟ ਐਂਡ ਸਾਊਂਡ ਦੇ ਇਸਤੇਮਾਲ ਰਾਹੀਂ ਰਾਮਲੀਲਾ ਦਾ ਮੰਚ ਸਜਾਇਆ ਗਿਆ ਸੀ। ਇਸ ਦੇ ਨਾਲ ਹੀ ਲੰਕੇਸ਼ ਦੀ ਪੁਸ਼ਾਕਾਂ 'ਚ ਪਹੁੰਚੇ ਵੱਖ ਵੱਖ ਰਾਵਣਾਂ ਨੂੰ ਮੇਅਰ ਸਰਬਜੀਤ ਕੌਰ ਵੱਲੋਂ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਵੀ ਕੀਤਾ ਗਿਆ।
ਪੁਲਿਸ ਨੂੰ ਸ਼ਿਕਾਇਤ ਅਤੇ ਕਾਰਵਾਈ ਦੀ ਮੰਗ
ਭਜਨ ਗਾਇਕ ਕਨ੍ਹਈਆ ਮਿੱਤਲ ਨੂੰ ਇੱਥੇ ਪ੍ਰਦਰਸ਼ਨ ਲਈ ਬੁਲਾਇਆ ਗਿਆ ਸੀ। ਜਿਵੇਂ ਹੀ ਕਨ੍ਹਈਆ ਮਿੱਤਲ ਨੇ ਭਗਤੀ ਸੰਗੀਤ ਆਰੰਭਿਆ ਤਾਂ ਕੁੱਝ ਰਾਮਲੀਲਾ ਕਮੇਟੀ ਦੇ ਪ੍ਰਬੰਧਕਾਂ ਨੇ ਮਾਈਕਲ ਜੈਕਸਨ ਦੇ ਗੀਤ ਲਗਾ ਦਿੱਤੇ ਜਿਸ 'ਤੇ ਰਾਮਲੀਲਾ ਕਮੇਟੀ ਤੋਂ ਆਏ ਇੱਕ ਵਿਅਕਤੀ, ਜੋ ਹਨੂੰਮਾਨ ਦਾ ਕਿਰਦਾਰ ਨਿਭਾ ਰਿਹਾ ਸੀ, ਨੇ ਨੱਚਣਾ ਸ਼ੁਰੂ ਕਰ ਦਿੱਤਾ।
ਮਾਈਕਲ ਜੈਕਸਨ ਦੇ ਡਾਂਸ ਨੂੰ ਦੇਖ ਕੇ ਸ਼ਹਿਰ ਦੀ ਵੱਖ ਵੱਖ ਰਾਮਲੀਲਾ ਕਮੇਟੀ ਦੇ ਮੈਂਬਰ ਗੁੱਸੇ ਹੋ ਗਏ। ਇਸ ਦੇ ਨਾਲ ਹੀ ਕਈ ਕਮੇਟੀਆਂ ਨੇ ਵਿਰੋਧ 'ਚ ਪ੍ਰੋਗਰਾਮ ਦਾ ਬਾਈਕਾਟ ਕਰ ਦਿੱਤਾ। ਵਿਰੋਧ ਕਰ ਰਹੀਆਂ ਕਮੇਟੀ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਕਰਵਾ ਕੇ ਪੱਛਮੀ ਸੱਭਿਅਤਾ 'ਤੇ ਨੱਚਣਾ ਭਾਰਤੀ ਸੱਭਿਆਚਾਰ ਨਾਲ ਖਿਲਵਾੜ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਾਮਲੇ ਦੀ ਸ਼ਿਕਾਇਤ ਪੁਲਿਸ 'ਚ ਕਰਵਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।
- PTC NEWS