ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਕਾਬੂ
ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੂੰ ਚੰਡੀਗੜ੍ਹ ਪੁਲਿਸ ਨੇ ਕੀਤਾ ਕਾਬੂ:ਪੰਜਾਬ ਦੇ ਮਸ਼ਹੂਰ ਵੀਡੀਓ ਡਾਇਰੈਕਟਰ,ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੂੰ ਅੱਜ ਚੰਡੀਗੜ੍ਹ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪੁਲਿਸ ਨੇ 43 ਦੇ ਬੱਸ ਸਟੈਂਡ ਕੋਲੋਂ ਗ੍ਰਿਫ਼ਤਾਰ ਕੀਤਾ ਹੈ।ਜਾਣਕਾਰੀ ਅਨੁਸਾਰ ਦਿਲਪ੍ਰੀਤ ਬਾਬਾ ਦੇ ਪੱਟ 'ਤੇ ਗੋਲੀ ਲੱਗੀ ਹੈ।ਜ਼ਿਕਰਯੋਗ ਹੈ ਕਿ ਮੋਹਾਲੀ 'ਚ ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮੀ ਕਲਾਕਾਰ ਪਰਮੀਸ਼ ਵਰਮਾ 'ਤੇ ਗੋਲੀਆਂ ਚਲਾਉਣ ਦੇ ਬਾਅਦ ਦਿਲਪ੍ਰੀਤ ਸਿੰਘ ਉਰਫ ਬਾਬਾ ਚਰਚਾ 'ਚ ਆਇਆ ਸੀ।ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਰਹਿਣ ਵਾਲਾ ਹੈ।
ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਵਿੱਕੀ ਗੌਂਡਰ ਗਰੁੱਪ ਨਾਲ ਸਬੰਧਤ ਹੈ ਅਤੇ ਉਹ ਇਸ ਗਰੁੱਪ ਦਾ ਸਰਗਰਮ ਗੈਂਗਸਟਰ ਹੈ।ਦਿਲਪ੍ਰੀਤ ਸਿੰਘ ਉਰਫ ਬਾਬਾ ਨੇ ਜਿਲੇ 'ਚ ਦੋ ਹੱਤਿਆਵਾਂ ਕੀਤੀਆਂ ਸਨ।ਉਸਨੇ ਪਿੰਡ ਬ੍ਰਾਹਮਣ ਮਾਜਰਾ 'ਚ ਸਰਪੰਚ ਦੇਸਰਾਜ ਦੇ ਕਤਲ ਨੂੰ ਅੰਜਾਮ ਦਿੱਤਾ, ਜਦੋ ਕਿ ਭਰਤਗੜ 'ਚ ਇੱਕ ਨੌਜਵਾਨ ਵਿਵੇਕ ਦੇ ਕਤਲ ਦਾ ਆਰੋਪ ਵੀ ਦਿਲਪ੍ਰੀਤ ਸਿੰਘ ਉਰਫ ਬਾਬਾ 'ਤੇ ਹੀ ਹੈ।ਇਸਦੇ ਇਲਾਵਾ ਬਾਬਾ 'ਤੇ ਚੰਡੀਗੜ 'ਚ ਦਿਨ ਦਿਹਾੜੇ ਇੱਕ ਸਰਪੰਚ ਦਾ ਕਤਲ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।ਇਨ੍ਹਾਂ ਵਾਰਦਾਤਾਂ ਦੇ ਬਾਅਦ ਪੁਲਿਸ ਬਾਬਾ ਨੂੰ ਫੜਨ ਲਈ ਅੱਡੀ ਚੋਟੀ ਦਾ ਜੋਰ ਲਗਾ ਚੁੱਕੀ ਸੀ ਪਰੰਤੂ ਦਿਲਪ੍ਰੀਤ ਬਾਬਾ ਪੁਲਿਸ ਦੇ ਹੱਥ ਨਹੀ ਚੜਿਆ ਸੀ।
ਪਰਮੀਸ਼ ਵਰਮਾ ਮਗਰੋਂ ਪੰਜਾਬ ਦੇ ਇੱਕ ਹੋਰ ਮਸ਼ੂਹਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਫੇਸਬੁੱਕ ‘ਤੇ ਧਮਕੀ ਦਿੱਤੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਅੱਜ ਗੈਂਗਸਟਰ ਬਾਬਾ ਦਿਲਪ੍ਰੀਤ ਢਾਹਾਂ ਨੂੰ ਕਾਬੂ ਕਰ ਲਿਆ ਹੈ।ਜਿਸ ਦੇ ਵਿੱਚ ਪੁਲਿਸ ਅਤੇ ਗੈਂਗਸਟਰ ਬਾਬਾ ਵਿਚਕਾਰ ਮੁਕਾਬਲਾ ਹੋਇਆ ,ਜਿਸ ਦੇ ਵਿੱਚ ਦਿਲਪ੍ਰੀਤ ਬਾਬਾ ਦੇ ਪੱਟ 'ਤੇ ਗੋਲੀ ਲੱਗੀ ਹੈ।ਜਾਣਕਾਰੀ ਅਨੁਸਾਰ ਗੈਂਗਸਟਰ ਦਿਲਪ੍ਰੀਤ ਬਾਬਾ ਗੱਡੀ ਦੇ ਵਿੱਚ ਇਕੱਲਾ ਹੀ ਸੀ।
-PTCNews