ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਗੁਆਂਢੀ ਪਿਓ-ਪੁੱਤ ਨੇ ਕੀਤਾ ਬਲਾਤਕਾਰ
ਸਾਬਕਾ ਵਿਧਾਇਕ ਦੀ ਨਾਬਾਲਿਗ ਬੇਟੀ ਨਾਲ ਗੁਆਂਢੀ ਪਿਓ-ਪੁੱਤ ਨੇ ਕੀਤਾ ਬਲਾਤਕਾਰ:ਜ਼ਿਲ੍ਹਾ ਮਾਨਸਾ 'ਚ ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਦੀ ਨਾਬਾਲਿਗ ਧੀ ਨਾਲ ਬਲਾਤਕਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਥਾਣਾ ਜੋਗਾ ਦੇ ਮੁਖੀ ਜਸਵੀਰ ਸਿੰਘ ਭਗਵਾਨਪੁਰ ਹੀਂਗਣਾ ਨੇ ਦੱਸਿਆ ਕਿ ਸਾਬਕਾ ਵਿਧਾਇਕ ਦੀ ਧੀ ਨਾਲ ਉਸਦੇ ਗੁਆਂਢੀ ਪਿੳ-ਪੁੱਤ ਜਬਰ ਜਿਨਾਹ ਕਰਦੇ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਵਿਚ 376 ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੁਲਜਮਾਂ ਨੂੰ ਛੇਤੀ ਹੀ ਹਿਰਾਸਤ ਵਿਚ ਲੈ ਲਿਆ ਜਾਵੇਗਾ।ਦੱਸਿਆ ਜਾਂਦਾ ਹੈ ਕਿ ਦਲਿਤ ਆਗੂ ਸੁਰਜਨ ਸਿੰਘ ਜੋਗਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਜੋਗਾ ਵਿਧਾਨ ਸਭਾ ਹਲਕੇ ਤੋਂ 1992 ਤੋਂ 1997 ਤੱਕ ਇੰਡੀਅਨ ਪੀਪਲਜ਼ ਫਰੰਟ ਵੱਲੋਂ ਵਿਧਾਇਕ ਰਹੇ ਸਨ,ਹਾਲਾਂਕਿ ਬਾਅਦ ਵਿਚ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਸਨ।ਉਨ੍ਹਾਂ ਦੀ ਨਾਬਾਲਿਗ ਧੀ ਲੋਕਾਂ ਦੇ ਘਰਾਂ ਵਿਚ ਝਾੜੂ ਪੋਚੇ ਦਾ ਕੰਮ ਕਰਦੀ ਹੈ।ਘਰ ਦੀ ਮਾੜੀ ਹਾਲਤ ਹੋਣ ਕਰਕੇ ਇਹ ਪਰਿਵਾਰ ਘਰਾਂ ਵਿਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ,ਇਸ ਕਰਕੇ ਇਹ ਲੜਕੀ ਅਕਸਰ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਜਾਂਦੀ-ਆਉਂਦੀ ਸੀ।
ਉਸਦੇ ਘਰ ਦੇ ਗੁਆਂਢੀ ਘਰ ਜਦੋਂ ਉਹ ਕੰਮ ਕਰਨ ਜਾਂਦੀ ਸੀ ਤਾਂ ਇਕ ਨੌਜਵਾਨ ਨੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ।ਉਹ ਕਾਫੀ ਦੇਰ ਤੋਂ ਇਹ ਕਾਰਾ ਕਰਦਾ ਰਿਹਾ,ਜਦੋਂ ਕਿ ਬਾਅਦ ਵਿਚ ਨੌਜਵਾਨ ਦੇ ਪਿਤਾ ਨੇ ਵੀ ਉਸ ਨਾਲ ਜਬਰ ਜਿਨਾਹ ਕੀਤਾ।ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਅਸ਼ਲੀਲ ਫਿਲਮਾਂ ਲੜਕੀ ਨੂੰ ਦਿਖਾਈਆਂ ਗਈਆਂ,ਜਿਸ ਦੀ ਪੁਲੀਸ ਪੜਤਾਲ ਕਰ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਨਾਬਾਲਿਗ ਲੜਕੀ ਨੇ ਇਹ ਗੱਲ ਡਰ ਦੇ ਮਾਰੇ ਕਿਸੇ ਨੂੰ ਨਾ ਦੱਸੀ,ਪਰ ਹੁਣ ਰੌਲਾ ਪੈਣ 'ਤੇ ਇਸ ਦਾ ਖੁਲਾਸਾ ਹੋਇਆ ਹੈ।
ਥਾਣਾ ਮੁੱਖੀ ਨੇ ਦੱਸਿਆ ਕਿ ਪੀੜਤ ਲੜਕੀ ਦੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਜੋਗਾ ਪੁਲੀਸ ਨੇ ਆਤਮਾ ਸਿੰਘ ਤੇ ਉਸਦੇ ਪੁੱਤਰ ਅਮਨਦੀਪ ਸਿੰਘ ਵਾਸੀ ਜੋਗਾ ਦੇ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
-PTCNews